ਆਖ਼ਰ ਕੌਣ ਹੈ, ਫ਼ਤਿਹਵੀਰ ਦੀ ਮੌਤ ਲਈ ਜ਼ਿੰਮੇਵਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 18 2019 16:11
Reading time: 1 min, 42 secs

ਸੰਗਰੂਰ ਦੇ ਪਿੰਡ ਭਗਵਾਨਪੁਰਾ ਦਾ ਰਹਿਣ ਵਾਲਾ ਮਾਸੂਮ ਫ਼ਤਿਹਵੀਰ ਸਿੰਘ ਦੇਸ਼ ਤੇ ਸੂਬੇ ਦੀ ਤਰੱਕੀ ਅਤੇ ਅੱਛੇ ਦਿਨਾਂ ਦੀ ਭੇਟ ਚੜ ਚੁੱਕਾ ਹੈ, ਉਸਦੇ ਪਿੱਛੇ ਰਹਿ ਗਈਆਂ ਹਨ, ਉਸਦੇ ਮਾਪਿਆਂ ਲਈ ਉਸ ਦੀਆਂ ਉਹ ਮਿੱਠੀਆਂ ਯਾਦਾਂ, ਜਿਹੜੀਆਂ ਕਿ ਉਨ੍ਹਾਂ ਨੂੰ ਤਿਲ ਤਿਲ ਮਰਨ ਲਈ ਮਜਬੂਰ ਕਰਨਗੀਆਂ ਅਤੇ ਜਾਂ ਫਿਰ ਪਿੱਛੇ ਰਹਿ ਗਈਆਂ ਸਿਆਸੀ ਰੋਟੀਆਂ, ਜਿਹੜੀਆਂ ਕਿ ਸਿਆਸੀ ਲੋਕਾਂ ਨੇ ਪਤਾ ਨਹੀਂ ਹੋਰ ਕਿੰਨ ਕੁ ਦੇਰ ਸੇਕਣੀਆਂ ਹਨ, ਉਸਦੇ ਸਿਵੇ ਤੇ ਰੱਖ ਰੱਖ ਕੇ।

ਦੋਸਤੋਂ, ਸਭ ਕੁਝ ਖ਼ਤਮ ਹੋ ਚੁੱਕਾ ਹੈ, ਫ਼ਤਿਹਵੀਰ ਦੀ ਲਾਸ਼ ਵੀ ਬਰਾਮਦ ਹੋ ਚੁੱਕੀ ਹੈ, ਉਸਦਾ ਅੰਤਿਮ ਸੰਸਕਾਰ ਵੀ ਹੋ ਚੁੱਕਾ ਹੈ ਅਤੇ ਭੋਗ ਵੀ ਚੁੱਕਾ ਹੈ, ਮੁੱਕਦੀ ਗੱਲ ਉਸਦੇ ਮਾਪਿਆਂ ਲਈ ਉਨ੍ਹਾਂ ਦੀ ਦੁਨੀਆ ਉੱਜੜ ਚੁੱਕੀ ਹੈ। ਬਾਵਜੂਦ ਇਸਦੇ ਇਹ ਸਵਾਲ ਅਜੇ ਵੀ ਇੱਕ ਸਵਾਲ ਹੀ ਬਣਿਆ ਹੋਇਆ ਹੈ ਕਿ ਆਖ਼ਰ, ਫ਼ਤਿਹਵੀਰ ਦੀ ਮੌਤ ਲਈ ਜ਼ਿੰਮੇਵਾਰ ਕੌਣ ਹੈ?

ਦੋਸਤੋਂ, ਇਹ ਉਹ ਸਵਾਲ ਹੈ ਜਿਹੜਾ ਕਿ ਪਹਿਲਾਂ ਕੇਵਲ ਫ਼ਤਿਹਵੀਰ ਦੇ ਮਾਪਿਆਂ ਅਤੇ ਜਿਊਂਦੀ ਜਮੀਰ ਵਾਲੇ ਲੋਕਾਂ ਦੇ ਹੀ ਜ਼ਹਿਨ ਵਿੱਚ ਹੀ ਘੁੰਮਦਾ ਨਜ਼ਰ ਆ ਰਿਹਾ ਸੀ ਪਰ, ਅੱਜ ਇਹ ਸਵਾਲ ਸਾਡੇ ਦੇਸ਼ ਦੀਆਂ ਅਦਾਲਤਾਂ ਵੀ ਪੁੱਛ ਰਹੀਆਂ ਹਨ। ਫ਼ਤਿਹਵੀਰ ਦੀ ਮੌਤ ਦੇ ਬਾਅਦ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂਬਾ ਪੰਜਾਬ ਦੇ ਮੁੱਖ ਸਕੱਤਰ ਨੂੰ ਕੌੜਾ ਸਵਾਲ ਕੀਤਾ ਕਿ ਉਹ ਇਹ ਦੱਸੇ ਕਿ ਆਖ਼ਰ, ਫ਼ਤਿਹਵੀਰ ਦੀ ਮੌਤ ਲਈ ਜ਼ਿੰਮੇਵਾਰ ਕੌਣ ਸੀ? ਦੱਸਿਆ ਜਾ ਰਿਹੈ ਕਿ ਅਦਾਲਤ ਨੇ ਐੱਨ.ਡੀ.ਆਰ.ਐੱਫ਼. ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕੀਤਾ ਹੈ।

ਦੋਸਤੋਂ, ਫ਼ਤਿਹਵੀਰ ਦੀ ਮੌਤ ਲਈ ਜਿਹੜੇ ਵੀ ਲੋਕ ਜ਼ਿੰਮੇਵਾਰ ਹਨ, ਸਰਕਾਰ ਨਹੀਂ ਜਾਣਦੀ ਹੋਵੇਗੀ, ਇਹ ਗੱਲ ਵੀ ਪੂਰੇ ਯਕੀਨ ਨਹੀਂ ਆਖੀ ਜਾ ਸਕਦੀ। ਜਿਹੜੀ ਗੱਲ ਪੂਰੇ ਯਕੀਨ ਨਾਲ ਆਖੀ ਜਾ ਸਕਦੀ ਹੈ ਉਹ ਇਹ ਹੈ ਕਿ ਦੇਸ਼ ਦੀ ਸਰਬਉੱਚ ਅਦਾਲਤ ਨੇ ਸਾਲ 2010 ਵਿੱਚ ਬੋਰਵੈੱਲ ਪੁੱਟਣ ਦੇ ਕੁਝ ਖ਼ਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਪਰ ਕਿਉਂਕਿ, ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਸ਼ਾਇਦ ਅਦਾਲਤੀ ਹੁਕਮਾਂ ਨੂੰ ਟਿੱਚ ਜਾਨਣ ਦੀ ਆਦਤ ਜਿਹੀ ਪੈ ਗਈ ਹੈ, ਸ਼ਾਇਦ ਇਸੇ ਲਈ ਹੀ ਕਿਸੇ ਨੇ ਇਹਨਾਂ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੋਵੇਗਾ। ਜੋ ਵੀ ਹੈ, ਇਹ ਸਵਾਲ ਹਮੇਸ਼ਾ ਇੱਕ ਸਵਾਲ ਹੀ ਬਣਿਆ ਰਹੇਗਾ ਕਿ ਆਖ਼ਰ ਕੌਣ ਹੈ, ਫ਼ਤਿਹਵੀਰ ਦੀ ਮੌਤ ਲਈ ਜ਼ਿੰਮੇਵਾਰ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।