ਪੰਜਾਬ ਨੂੰ 'ਗੋਇਲ' ਵਰਗੇ ਪੁਲਿਸ ਅਫ਼ਸਰਾਂ ਦੀ ਅਹਿਮ ਲੋੜ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 18 2019 12:32
Reading time: 3 mins, 14 secs

ਇਸ ਵੇਲੇ ਪੰਜਾਬ ਦਾ ਅਜਿਹਾ ਕੋਈ ਵੀ ਅਦਾਰਾ ਨਹੀਂ ਹੋਣਾ, ਜਿੱਥੇ ਭ੍ਰਿਸ਼ਟ ਅਫਸਰ ਨਾ ਬੈਠੇ ਹੋਣ। ਹਰ ਦਫ਼ਤਰ ਦੇ ਅੰਦਰ ਰੋਜ਼ ਹੀ ਘਾਲਾਮਾਲਾ ਹੁੰਦਾ ਹੀ ਰਹਿੰਦਾ ਹੈ। ਗਰੀਬਾਂ ਦੀ ਲੁੱਟ ਅਤੇ ਅਮੀਰਾਂ ਦੀ ਚੜ੍ਹਤ ਸਰਕਾਰੀ ਦਫ਼ਤਰਾਂ ਦੇ ਅੰਦਰ ਆਮ ਹੀ ਵੇਖਣ ਨੂੰ ਮਿਲਦੀ ਹੈ। ਪਰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰੀਬਾਂ ਦੀ ਲੁੱਟ ਕਰਨ ਵਾਲੇ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਵਾਲੇ ਪੁਲਿਸ ਅਫ਼ਸਰਾਂ ਦਾ ਸਫ਼ਾਇਆ ਹੋ ਜਾਵੇਗਾ। ਸਿਸਟਮ ਦੇ ਅੰਦਰ ਬੈਠੀਆਂ ਕਾਲੀਆਂ ਭੇਡਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਦੇ ਲਈ ਹੁਣ ਸੰਦੀਪ ਗੋਇਲ ਵਰਗੇ ਅਫ਼ਸਰ ਆ ਚੁੱਕੇ ਹਨ। 

ਜੀ ਹਾਂ, ਦੋਸਤੋਂ, ਸੰਦੀਪ ਗੋਇਲ ਉਹ ਪੁਲਿਸ ਅਫ਼ਸਰ ਹੈ, ਜਿਸ ਨੇ ਪਿਛਲੇ ਦਿਨੀਂ ਇੱਕ ਨਸ਼ਾ ਵਿਰੋਧੀ ਸੈਮੀਨਾਰ ਦੇ ਵਿੱਚ ਪੁਲਿਸ ਅਫ਼ਸਰਾਂ ਤੋਂ ਇਲਾਵਾ ਥਾਣਾ ਮੁਖੀਆਂ 'ਤੇ ਅਜਿਹਾ ਵਾਰ ਕੀਤਾ ਕਿ ਸਾਰੇ ਪੰਜਾਬ ਸਮੇਤ ਵਿਦੇਸ਼ਾਂ ਦਾ ਮੀਡੀਆ ਵੀ ਗੋਇਲ ਦੀਆਂ ਗੱਲਾਂ ਕਰਨ ਲੱਗ ਪਿਆ। ਅਜਿਹਾ ਕੀ ਸੀ ਸੰਦੀਪ ਗੋਇਲ ਐਸਐਸਪੀ ਫ਼ਿਰੋਜ਼ਪੁਰ ਦੀਆਂ ਗੱਲਾਂ ਵਿੱਚ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਅਤੇ ਹਰ ਕੋਈ ਗੋਇਲ ਦੀਆਂ ਗੱਲਾਂ ਦਾ ਫੈਨ ਹੋ ਗਿਆ। ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਸੰਦੀਪ ਗੋਇਲ ਦੇ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਦੇ ਦੌਰਾਨ ਆਪਣਾ-ਆਪਣੇ ਪੁਲਿਸ ਅਫ਼ਸਰਾਂ ਨੂੰ ਖਰੀਆਂ-ਖੋਟੀਆਂ ਸੁਣਾਈਆਂ ਗਈਆਂ। 

ਪੁਲਿਸ ਮੁਖੀ ਨੇ ਨਸ਼ਾ ਖ਼ਤਮ ਨਾ ਹੋਣ ਦੇ ਪਿੱਛੇ ਪੁਲਿਸ ਅਫ਼ਸਰਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਜੇਕਰ ਪੰਜਾਬ ਦੀ ਪੁਲਿਸ ਚਾਹੇ ਤਾਂ ਦਿਨਾਂ ਵਿੱਚ ਹੀ ਨਸ਼ੇ ਨੂੰ ਖ਼ਤਮ ਕਰ ਸਕਦੀ ਹੈ, ਪਰ ਸਿਸਟਮ ਦੇ ਅੰਦਰ ਬੈਠੀਆਂ ਹੋਈਆਂ ਕਾਲੀਆਂ ਭੇਡਾਂ ਨੇ ਸਾਰਾ ਕੁਝ ਖ਼ਰਾਬ ਕਰਕੇ ਰੱਖ ਦਿੱਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣੇ ਬਿਆਨ ਦੇ ਦੌਰਾਨ ਜਿੱਥੇ ਇਹ ਵੀ ਸਪਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਪੁਲਿਸ ਅਫਸਰ ਦੇ ਵੱਲੋਂ ਜਨਤਾ ਦੇ ਕੰਮ ਕਰਨ ਵਿੱਚ ਅਣਗਹਿਲੀ ਵਰਤੀ ਗਈ ਜਾਂ ਫਿਰ ਕੰਮ ਕਰਨ ਵਿੱਚ ਕੋਈ ਆਨਾਕਾਨੀ ਕੀਤੀ ਗਈ ਜਾਂ ਫਿਰ ਰਿਸ਼ਵਤ ਮੰਗੀ ਗਈ ਤਾਂ ਉਨ੍ਹਾਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ। 

ਦੋਸਤੋਂ, ਵੇਖਿਆ ਜਾਵੇ ਤਾਂ ਐਸਐਸਪੀ ਗੋਇਲ ਦੇ ਵੱਲੋਂ ਜੋ ਇਹ ਗੱਲਾਂ ਕਹੀਆਂ ਗਈਆਂ, ਸ਼ਾਇਦ ਹੀ ਇਸ ਤੋਂ ਪਹਿਲੋਂ ਕਿਸੇ ਪੁਲਿਸ ਅਫ਼ਸਰ ਨੇ ਇਸ ਤਰ੍ਹਾਂ ਆਪਣੇ ਅਧਿਕਾਰੀਆਂ ਜਾਂ ਫਿਰ ਮੁਲਾਜ਼ਮਾਂ ਨੂੰ ਨਾ ਕਹੀਆਂ ਹੋਣ। ਪਰ ਗੋਇਲ ਦੀਆਂ ਕਹੀਆਂ ਗੱਲਾਂ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਪੰਜਾਬ ਪੁਲਿਸ ਵਿਭਾਗ ਦੇ ਅੰਦਰ ਕਾਲੀਆਂ ਭੇਡਾਂ ਦੀ ਭਰਮਾਰ ਹੈ, ਜਿਸਦੇ ਕਾਰਨ ਹੀ ਪੰਜਾਬ ਦੇ ਵਿੱਚੋਂ ਨਸ਼ਾ ਆਦਿ ਖ਼ਤਮ ਨਹੀਂ ਹੋ ਰਿਹਾ। ਦੱਸ ਦਈਏ ਕਿ ਜਿਹੜੇ ਸੈਮੀਨਾਰ ਦੇ ਵਿੱਚ ਗੋਇਲ ਦੇ ਵੱਲੋਂ ਇਹ ਭਾਸ਼ਾ ਵਰਤੀ ਗਈ, ਉਸ ਸੈਮੀਨਾਰ ਦੇ ਵਿੱਚ ਕਈ ਸਿਆਸੀ ਲੀਡਰ ਵੀ ਬੈਠੇ ਸਨ, ਜੋ ਗੋਇਲ ਦਾ ਭਾਸ਼ਣ ਸੁਣਦਿਆਂ ਹੀ ਥੱਲੇ ਮੂੰਹ ਕਰਦੇ ਵੇਖੇ ਗਏ।

ਸੋਸ਼ਲ ਮੀਡੀਆ 'ਤੇ ਐਸਐਸਪੀ ਗੋਇਲ ਦੀ ਵਾਇਰਲ ਵੀਡੀਓ ਨੇ ਜਿੱਥੇ ਚੰਗੀ ਵਾਹ-ਵਾਹ ਖੱਟੀ, ਉੱਥੇ ਹੀ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੋਇਲ ਜਿਹੇ ਪੁਲਿਸ ਅਫ਼ਸਰਾਂ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਤਾਇਨਾਤ ਕੀਤਾ ਜਾਵੇ ਤਾਂ ਜੋ ਜਨਤਾ ਨੂੰ ਇਨਸਾਫ਼ ਸਮੇਂ ਸਿਰ ਮਿਲ ਸਕੇ। ਦੱਸ ਦਈਏ ਕਿ ਐਸਐਸਪੀ ਗੋਇਲ ਦੇ ਇਸ ਬਿਆਨ ਤੋਂ ਬਾਅਦ ਪੁਲਿਸ ਅਫਸਰ ਤੇ ਮੁਲਾਜ਼ਮ ਰਿਸ਼ਵਤ ਲੈਣ ਤੋਂ ਡਰਨ ਲੱਗੇ ਹਨ। 

ਐਸਐਸਪੀ ਗੋਇਲ ਦੇ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਜੋ ਸਭ ਤੋਂ ਅਹਿਮ ਗੱਲ ਕੀਤੀ ਗਈ, ਉਹ ਇਹ ਸੀ ਕਿ ਸਾਨੂੰ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਸਰਕਾਰਾਂ ਹਜ਼ਾਰਾਂ ਰੁਪਏ ਤਨਖ਼ਾਹ ਦਿੰਦੀ ਹੈ, ਪਰ ਫਿਰ ਵੀ ਸਾਡੇ ਕੁਝ ਕੁ ਪੁਲਿਸ ਮੁਲਾਜ਼ਮ ਅਤੇ ਅਫ਼ਸਰ ਰਿਸ਼ਵਤ ਲਏ ਤੋਂ ਬਗੈਰ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਨਤਾ ਦੇ ਕੋਲੋਂ ਟੈਕਸ ਦੇ ਰੂਪ ਵਿੱਚ ਸਰਕਾਰ ਦੇ ਵੱਲੋਂ ਲਏ ਗਏ ਪੈਸੇ ਦੀ ਸਾਨੂੰ ਤਨਖ਼ਾਹ ਮਿਲਦੀ ਹੈ, ਇਸ 'ਤੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਜਨਤਾ ਨੂੰ ਚੰਗੀ ਸੇਵਾਵਾਂ ਦੇਈਏ ਤਾਂ ਜੋ ਲੋਕਾਂ ਦਾ ਵਿਸ਼ਵਾਸ ਪੁਲਿਸ 'ਤੇ ਬਣਿਆ ਰਹੇ। 

ਇਸ ਮੌਕੇ 'ਤੇ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦੇ ਪ੍ਰਤੀ ਗੰਭੀਰਤਾ ਦਿਖਾਉਣ ਲਈ ਕਿਹਾ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨਾਲ ਸਾਡੇ ਸਿਸਟਮ ਦੀਆਂ ਜੋ ਕਮੀਆਂ ਸਾਹਮਣੇ ਆਈਆਂ ਹਨ, ਉਸ ਨੂੰ ਜਲਦੀ ਦੂਰ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਸਿਸਟਮ ਦੇ ਅੰਦਰ ਬੈਠੀਆਂ ਹੋਈਆਂ ਕਾਲੀਆਂ ਭੇਡਾਂ ਨੂੰ ਸਾਫ਼ ਕਰਨ ਦਾ ਅਭਿਆਨ ਸ਼ੁਰੂ ਕੀਤਾ ਜਾਵੇਗਾ। ਨਸ਼ੇ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਵਾਲੇ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਦੇ ਭਰੋਸੇ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।