ਪਟਿਆਲਾ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਕੀਤਾ ਐੱਸ.ਐੱਸ.ਪੀ. ਨੇ ਆਊਟ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 18 2019 12:18
Reading time: 1 min, 40 secs

ਜਿਸ ਦਿਨ ਦਾ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਦੇ ਐੱਸ.ਐੱਸ.ਪੀ. ਵਜੋਂ ਚਾਰਜ ਸੰਭਾਲਿਆ ਹੈ, ਠੀਕ ਉਸੇ ਦਿਨ ਤੋਂ ਹੀ ਪਟਿਆਲਾ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਦੀ ਉਤਲੀ ਕਮਾਈ ਤਾਂ ਬੰਦ ਹੋ ਹੀ ਚੁੱਕੀ ਹੈ, ਉਹਨਾਂ ਦੀਆਂ ਗਤੀਵਿਧੀਆਂ ਵੀ ਬੰਦ ਹੋ ਚੁੱਕੀਆਂ ਹਨ।

ਚੰਦ ਉਹ ਗੰਦੀਆਂ ਮੱਛੀਆਂ ਤੇ ਕਾਲੀਆਂ ਭੇਡਾਂ, ਜਿਹਨਾਂ ਨੇ ਸਿੱਧੂ ਦੀਆਂ ਚੇਤਾਵਨੀਆਂ ਦੀ ਪਰਵਾਹ ਨਾ ਕਰਦਿਆਂ ਉਤਲੀ ਤੇ ਕਾਲੀ ਕਮਾਈ ਨਹੀਂ ਛੱਡੀ, ਉਹ ਸਭ ਵੀ ਹੁਣ ਜ਼ਿਲ੍ਹਾ ਪੁਲਿਸ ਮੁਖ਼ੀ ਦੀ ਜਾੜ ਥੱਲੇ ਆ ਚੁੱਕੇ ਹਨ। ਲੰਘੇ ਦਿਨ ਹੀ ਐੱਸ.ਐੱਸ.ਪੀ. ਸਿੱਧੂ ਨੇ ਪਟਿਆਲਾ ਪੁਲਿਸ ਦੇ 6 ਥਾਣੇਦਾਰਾਂ ਸਣੇ 11 ਪੁਲਿਸ ਕਰਮਚਾਰੀਆਂ, ਜਿਹਨਾਂ ਵਿੱਚ ਇੱਕ ਮਹਿਲਾ ਥਾਣੇਦਾਰ ਵੀ ਸ਼ਾਮਲ ਹੈ, ਦਾ ਬੋਰੀਆ ਬਿਸਤਰ ਗੋਲ ਕਰਕੇ, ਹਮੇਸ਼ਾ ਲਈ ਉਹਨਾਂ ਨੂੰ ਆਪੋ ਆਪਣੇ ਘਰੀਂ ਤੋਰ ਦਿੱਤਾ ਹੈ।

ਜੇਕਰ ਐੱਸ.ਐੱਸ.ਪੀ. ਸਿੱਧੂ ਦੀ ਮੰਨੀਏ ਤਾਂ ਇਹ ਸਾਰੇ ਉਹ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਨ ਜਿਹਨਾਂ ਦੇ ਢਿੱਡ ਸਰਕਾਰੀ ਤਨਖ਼ਾਹ ਨਾਲ ਨਹੀਂ ਸਨ ਭਰਦੇ ਜਿਸਦੇ ਚੱਲਦਿਆਂ ਉਹਨਾਂ ਨੇ ਨੇਕ ਕਮਾਈ ਦੀ ਥਾਂ ਤੇ ਕਾਲੀ ਤੇ ਉਤਲੀ ਕਮਾਈ ਨੂੰ ਆਪਣੀ ਜੀਵਕਾ ਦਾ ਇੱਕ ਵੱਡਾ ਹਿੱਸਾ ਬਣਾ ਲਿਆ ਸੀ।

ਜ਼ਿਲ੍ਹਾ ਪੁਲਿਸ ਮੁਖ਼ੀ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ, ਜਿੰਨੇ ਵੀ ਪੁਲਿਸ ਅਧਿਕਾਰੀ ਤੇ ਕਰਮਚਾਰੀ ਨੌਕਰੀਓਂ ਕੱਢੇ ਗਏ ਹਨ, ਉਹਨਾਂ ਸਾਰਿਆਂ ਦੀ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਸ਼ਮੂਲੀਅਤ ਪਾਈ ਗਈ ਸੀ। ਜਿਸਦੇ ਚੱਲਦਿਆਂ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਦੇ ਖ਼ਿਲਾਫ਼ ਵੱਖਰੇ ਤੌਰ 'ਤੇ ਵਿਭਾਗੀ ਪੜਤਾਲ ਕੀਤੀ ਗਈ ਅਤੇ ਪੜਤਾਲ ਦੇ ਬਾਅਦ ਦੋਸ਼ੀ ਪਾਏ ਜਾਣ ਦੇ ਬਾਅਦ ਹੀ ਇਹਨਾਂ ਨੂੰ ਨੌਕਰੀਓਂ ਕੱਢਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਐਸ.ਐਸ.ਪੀ. ਸਿੱਧੂ ਦਾ ਕਹਿਣਾ ਹੈ ਕਿ, ਜਿੰਨੀ ਦੇਰ ਤੱਕ ਉਹ ਨੌਕਰੀ ਵਿੱਚ ਹਨ, ਓਨੀ ਦੇਰ ਤੱਕ ਤਾਂ ਉਹ ਕਿਸੇ ਕਾਲੀ ਭੇਡ ਨੂੰ ਸਾਹ ਨਹੀਂ ਲੈਣ ਦੇਣਗੇ। ਉਹਨਾਂ ਦਾ ਦਾਅਵਾ ਹੈ ਕਿ, ਉਹ ਪਟਿਆਲਾ ਜ਼ਿਲ੍ਹੇ ਵਿੱਚ ਜੁਰਮ, ਨਸ਼ੇ ਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਸੂਰਤ ਵਿੱਚ ਨਹੀਂ ਪਨਪਣ ਦੇਣਗੇ। ਕਾਲੀ ਭੇਡ ਭਾਵੇਂ ਕਿਸੇ ਵੀ ਅਹੁਦੇ ਤੇ ਤਾਇਨਾਤ ਕਿਉਂ ਨਹੀਂ ਹੋਵੇਗੀ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹਾ ਨਹੀਂ ਕਿ, ਸਿੱਧੂ ਕੇਵਲ ਗੰਦੀਆਂ ਮੱਛੀਆਂ ਤੇ ਕਾਲੀਆਂ ਭੇਡਾਂ ਨੂੰ ਹੀ ਫ਼ੜਨਾ ਜਾਣਦੇ ਹਨ, ਉਹ ਸਹੀ ਮਾਇਨੇ ਵਿੱਚ ਚੰਗੀ ਪੁਲਿਸਿੰਗ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ-ਸਮੇਂ ਤੇ ਸ਼ਾਬਾਸ਼ੀ ਦਿੰਦੇ ਰਹਿੰਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।