ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਦੀ ਮੀਟਿੰਗ

Last Updated: Jun 18 2019 10:59
Reading time: 2 mins, 9 secs

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਅੱਜ ਸ੍ਰੀ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਪੰਜਾਬ ਸਰਕਾਰ ਵਿਸ਼ੇਸ ਤੌਰ 'ਤੇ ਇਤਿਹਾਸਕ ਤੇ ਧਾਰਮਿਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਪੁਹੰਚੇ। ਉਨ੍ਹਾਂ ਦੇ ਨਾਲ ਸ੍ਰੀ ਦਿਨਕਰ ਗੁਪਤਾ ਡੀ.ਜੀ.ਪੀ ਪੰਜਾਬ ਪੁਲਿਸ, ਸ੍ਰੀਮਤੀ ਵਿੰਨੀ ਮਹਾਜਨ ਐਡੀਸ਼ਨਲ ਚੀਫ ਸੈਕਰਟਰੀ ਹਾਊਸਿੰਗ  ਐਂਡ ਅਰਬਨ ਡਿਵਲਪਮੈਂਟ, ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ ਜੀ ਪੰਜਾਬ ਪੁਲਿਸ, ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਐਸ.ਐਸ.ਪੀ ਬਟਾਲਾ ਵੀ ਮੋਜੂਦ ਸਨ। ਇਸ ਮੌਕੇ ਉਨ੍ਹਾਂ ਭਾਰਤ-ਪਾਕਿ ਸਰਹੱਦ ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ, ਉਪਰੰਤ ਉਨ੍ਹਾਂ ਬੀ.ਐਸ.ਐਫ ਦੇ ਹੈੱਡਕੁਆਟਰ ਸ਼ਿਕਾਰ ਮਾਛੀਆਂ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।

ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਕਰਤਾਰਪੁਰ ਕੋਰੀਡੋਰ ਦੇ ਵਿਕਾਸ ਕੰਮ ਚੱਲ ਰਹੇ ਹਨ ਅਤੇ ਇਤਿਹਾਸਕ ਤੇ ਧਾਰਮਿਕ ਕਸਬਾ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਵਿਕਾਸ ਕਾਰਜਾਂ ਪਹਿਲ ਦੇ ਆਧਾਰ ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨਵੰਬਰ 2019 ਤਕ ਸ਼ਤਾਬਦੀ ਸਮਾਗਮਾਂ ਤੋ ਪਹਿਲਾਂ-ਪਹਿਲਾਂ ਵਿਕਾਸ ਕੰਮ ਮੁਕੰਮਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਉਨ੍ਹਾਂ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਤੇ ਬਟਾਲਾ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜ਼ਗਤੀ ਲਿਆਂਦੀ ਜਾਵੇ ਤੇ ਵਿਕਾਸ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਚੱਲ ਰਹੇ ਅਤੇ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਨੇੜਲੇ 11 ਪਿੰਡਾਂ ਅੰਦਰ ਕਰੀਬ 24 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ , ਜਿਸਦੇ ਐਸਟੀਮੈਟ ਤਿਆਰ ਹੋ ਗਏ ਹਨ ਅਤੇ ਜਲਦ ਕੰਮ ਸ਼ੁਰੂ ਹੋਣ ਵਾਲਾ ਹੈ। ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਨੂੰ ਅਪਗਰੇਡ ਕੀਤਾ ਜਾਵੇਗਾ। ਕਰੀਬ 98 ਲੱਖ ਰੁਪਏ ਦੀ ਲਾਗਤ ਨਾਲ ਸੋਲਡ ਵੈਸਟ ਮੈਨੇਜੈਮੈਂਟ ਦੇ ਕੰਮ ਕਰਵਾਏ ਜਾਣਗੇ। ਕਸਬੇ ਅੰਦਰ ਕਰੀਬ 93 ਲੱਖ ਰੁਪਏ ਦੀ ਲਾਗਤ ਨਾਲ ਐਲ.ਈ.ਡੀ ਲਾਈਟਸ ਲਗਾਈਆਂ ਜਾਣਗੀਆਂ, ਜਿਸ ਸਬੰਧੀ ਇੱਕ ਹਫਤੇ ਅੰਦਰ ਟੈਂਡਰ ਲਗਾਏ ਜਾਣਗੇ। ਡੇਰਾ ਬਾਬਾ ਨਾਨਕ ਕਸਬੇ ਨੂੰ ਆਉਣ ਵਾਲੀਆਂ ਸੜਕਾਂ ਫਤਿਹਗੜ ਚੂੜੀਆਂ ਤੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਵਾਲੀਆਂ ਸੜਕਾਂ ਦੇ ਵਿਕਾਸ ਕੰਮ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਟਾਲਾ ਸ਼ਹਿਰ ਅੰਦਰ ਵੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਚਹਿਲ ਖੁਰਦ ਤੇ ਵਡਾਲਾ ਗ੍ਰੰਥੀਆਂ ਅੰਦਰ ਵੱਖ-ਵੱਖ ਵਿਕਾਸ ਕਰਾਜ ਕਰਵਾਏ ਜਾ ਰਹੇ ਹਨ। ਨਗਰ ਕੌਂਸਲ ਬਟਾਲਾ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ਤੇ ਖਾਸਕਰਕੇ ਸੀਵਰੇਜ ਦੀ ਸਮੱਸਿਆ ਦੀ ਹੱਲ ਲਈ ਸਬੰਧਿਤ ਵਿਭਾਗ ਵੱਲੋਂ ਕੰਮ ਸ਼ੁਰੂ ਕੀਤੇ ਜਾਣ ਵਾਲੇ ਹਨ।