ਅਕਾਲੀ ਲੈਣਗੇ, ਆਪਣੇ ਵਰਕਰਾਂ ਤੇ ਹੋਏ ਝੂਠੇ ਪਰਚਿਆਂ ਦੇ ਪੁਲਿਸ ਤੋਂ ਬਦਲੇ

Last Updated: Jun 17 2019 18:30
Reading time: 1 min, 22 secs

ਸ਼ਹਿਰੀ ਹਲਕੇ ਫ਼ਿਰੋਜ਼ਪੁਰ 'ਚ ਕਾਨੂੰਨ ਘੱਟ ਤੇ ਕਾਂਗਰਸੀਆਂ ਦੇ ਹੁਕਮ ਨੂੰ ਜ਼ਿਆਦਾ ਮੰਨਣ ਵਾਲੇ ਪੁਲਿਸ ਅਧਿਕਾਰੀਆਂ ਵਲੋਂ ਅਕਾਲੀਆਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਜਵਾਬ ਕਾਨੂੰਨੀ ਤੌਰ ਤੇ ਦੇ ਕੇ ਸਜਾ ਦਿਵਾਵਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਅਤੇ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਜਾਰੀ ਕਰਦਿਆਂ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਅਕਾਲੀ ਵਰਕਰਾਂ ਨੂੰ ਡਰਾਉਣ ਲਈ ਪੁਲਿਸ ਨੇ ਹਲਕੇ ਦੇ ਕਾਂਗਰਸੀ ਵਿਧਾਇਕ ਦੀ ਸ਼ਹਿ ਤੇ ਬਹੁਤ ਸਾਰੇ ਅਕਾਲੀ ਵਰਕਰਾਂ ਤੇ ਝੂਠੇ ਮੁਕੱਦਮੇ ਦਰਜ ਕੀਤੇ ਸਨ। ਇਨ੍ਹਾਂ ਵਿੱਚੋਂ ਪਿੰਡ ਅਲੀ ਕੇ ਦੇ ਵਸਨੀਕ ਬਲਕਾਰ ਸਿੰਘ ਜੋ ਕਿ ਅਕਾਲੀ ਦਲ ਦੇ ਐਸ ਸੀ ਵਿੰਗ ਦਾ ਪ੍ਰਧਾਨ ਹੈ, ਅਤੇ ਉਸ ਦੇ ਸਾਥੀਆਂ 'ਤੇ ਧਾਰਾ 452 ਤਹਿਤ ਝੂਠਾ ਮੁਕੱਦਮਾ ਕਾਂਗਰਸੀਆਂ ਦੇ ਬਿਆਨਾਂ ਤੇ ਦਰਜ ਕੀਤਾ ਸੀ। ਜਿਸ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਪਿਛਲੇ ਮਹੀਨੇ ਦੀ 24 ਤਾਰੀਕ ਦੀ ਇਨਕੁਆਰੀ ਵੀ ਲਗਾ ਦਿੱਤੀ ਸੀ, ਜੱਦ ਕਿ ਇਨਕੁਆਰੀ ਚੱਲਣ ਦੇ ਬਾਵਜੂਦ ਵੀ ਹਲਕਾ ਵਿਧਾਇਕ ਦੇ ਇਸ਼ਾਰੇ 'ਤੇ ਥਾਣਾ ਸਦਰ ਦੇ ਐਸਐਚਉ ਵਲੋਂ ਅਕਾਲੀ ਵਰਕਰਾਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਹੈ। ਜਿਸ ਦਾ ਜਵਾਬ ਅਕਾਲੀ ਪਾਰਟੀ ਐਸ ਐਚ ਓ ਕੋਲੋਂ ਕਨੂੰਨੀ ਤੌਰ ਤੇ ਲੈ ਕੇ ਰਹੇਗੀ ਅਤੇ ਕਠਪੁਤਲੀ ਵਾਂਗ ਕੰਮ ਕਰ ਰਹੇ ਇਹੋ ਜਿਹੇ ਅਫ਼ਸਰਾਂ ਨੂੰ ਸਜਾ ਦਿਵਾ ਕੇ ਛੱਡਾਂਗੇ। ਪਿਛਲੇ ਦਿਨਾਂ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਬੜਾ ਵਧੀਆ ਭਾਸ਼ਣ ਦਿੱਤਾ ਅਤੇ ਮੰਨਿਆ ਸੀ ਕਿ ਕਾਲੀਆਂ ਭੇਡਾਂ ਮਹਿਕਮੇ ਨੂੰ ਬਦਨਾਮ ਕਰਦੀਆਂ ਹਨ, ਪਰ ਉਕਤ ਪਰਚੇ ਬਾਰੇ ਐਸਐਸਪੀ ਨੂੰ ਪਤਾ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਬਰਾੜ ਨੇ ਕਿਹਾ ਕਿ ਉਹ ਹੁਣ ਉਮੀਦ ਕਰਦੇ ਹਨ ਕਿ ਜ਼ਿਲ੍ਹਾ ਪੁਲਿਸ ਮੁਖੀ ਤੁਰੰਤ ਝੂਠਾ ਪਰਚਾ ਰੱਦ ਕਰਕੇ ਇਨਸਾਫ਼ ਦੇਣਗੇ ਅਤੇ ਜਿਸ ਐਸ ਐਚ ਓ ਨੇ ਵਿਧਾਇਕ ਨੂੰ ਖ਼ੁਸ਼ ਕਰਨ ਲਈ ਇਨਕੁਆਰੀ ਚਲਦੀ ਦੇ ਦੌਰਾਨ ਬੰਦੇ ਫੜੇ ਹਨ, ਉਸ ਦੇ ਖ਼ਿਲਾਫ਼ ਜ਼ਰੂਰ ਜ਼ਿਲ੍ਹਾ ਪੁਲਿਸ ਮੁਖੀ ਕਾਰਵਾਈ ਕਰਨਗੇ।