ਆਪਣੀ ਹੀ ਰਾਈਫ਼ਲ ਵਿੱਚੋਂ ਅਚਾਨਕ ਚੱਲੀ ਗੋਲੀ ਨੇ ਲਈ ਪੁਲਿਸ ਮੁਲਾਜ਼ਮ ਦੀ ਜਾਨ

Last Updated: Jun 17 2019 18:16
Reading time: 0 mins, 45 secs

ਸਥਾਨਕ ਮਲੋਟ ਸ਼ਹਿਰ ਦੇ ਮਿਮਿਟ ਕਾਲਜ ਵਿੱਚ ਬਣੇ ਵੋਟਿੰਗ ਮਸ਼ੀਨਾਂ ਦੇ ਸਟਰਾਂਗ ਰੂਮ ਵਿੱਚ ਡਿਊਟੀ ਤੇ ਤਾਇਨਾਤ ਇੱਕ ਪੁਲਿਸ ਮੁਲਜ਼ਮ ਦੀ ਅੱਜ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਹਿਚਾਣ 50 ਸਾਲ ਦੇ ਸੰਤੋਖ ਸਿੰਘ ਵਾਸੀ ਪਿੰਡ ਸੰਮੇਵਾਲੀ ਵਜੋਂ ਹੋਈ ਹੈ ਜੋ ਕਿ ਪੁਲਿਸ ਥਾਣਾ ਲੱਖੇਵਾਲੀ ਵਿਖੇ ਬਤੌਰ ਹੋਮਗਾਰਡ ਤਾਇਨਾਤ ਸੀ ਅਤੇ ਪਿਛਲੇ ਮਹੀਨੇ ਹੀ ਇਸ ਸਟਰਾਂਗ ਰੂਮ ਵਿੱਚ ਡਿਊਟੀ ਤੇ ਆਇਆ ਸੀ। ਡੀਐਸਪੀ ਭੁਪਿੰਦਰ ਸਿੰਘ ਅਤੇ ਥਾਣਾ ਸਿਟੀ ਮਲੋਟ ਦੇ ਐਸਐਚਓ ਜਸਵੀਰ ਸਿੰਘ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸੰਤੋਖ ਸਿੰਘ ਦੁਪਹਿਰ ਸਮੇਂ ਇੱਥੇ ਬਲੈਕ ਰੋਜ਼ ਕਲੱਬ ਵਿਖੇ ਡਿਊਟੀ ਤੇ ਤਾਇਨਾਤ ਸੀ ਅਤੇ ਉਸ ਨੇ ਆਪਣੇ ਸਾਥੀ ਨੂੰ ਪਾਣੀ ਲੈਣ ਲਈ ਭੇਜਿਆ ਸੀ। ਪੁਲਿਸ ਦੇ ਅਨੁਸਾਰ ਜਦੋਂ ਦੂਸਰਾ ਮੁਲਾਜ਼ਮ ਵਾਪਸ ਆਇਆ ਤਾਂ ਦੇਖਿਆ ਕਿ ਸੰਤੋਖ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਗੋਲੀ ਮੁਲਾਜ਼ਮ ਦੇ ਹੱਥ ਵਿੱਚੋਂ ਬੰਦੂਕ ਡਿੱਗਣ ਨਾਲ ਚੱਲੀ ਜਾਪਦੀ ਹੈ ਅਤੇ ਬਾਕੀ ਮਾਮਲੇ ਦੀ ਜਾਂਚ ਜਾਰੀ ਹੈ।