ਨਕਾਰਿਆ ਨਹੀਂ ਜਾ ਸਕਦੈ, ਐੱਸ.ਐੱਸ.ਪੀ. ਗੋਇਲ ਦੀਆਂ ਸਿੱਧੀਆਂ ਤੇ ਗੋਲਮੋਲ ਗੱਲਾਂ ਨੂੰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 17 2019 17:26
Reading time: 1 min, 50 secs

ਵੈਸੇ ਤਾਂ ਐੱਸ.ਐੱਸ.ਪੀ. ਫ਼ਿਰੋਜਪੁਰ ਸੰਦੀਪ ਗੋਇਲ ਨੇ ਲੰਘੇ ਦਿਨੀਂ ਇੱਕ ਸੈਮੀਨਾਰ ਦੇ ਦੌਰਾਨ ਜਿਹੜੀਆਂ ਕੋੜੀਆਂ ਤੇ ਖੱਟੀਆਂ ਗੱਲਾਂ ਕੀਤੀਆਂ ਹਨ, ਉਹ ਸੂਬਾ ਸਰਕਾਰ, ਇੱਥੋਂ ਦੇ ਸਿਆਸਤਦਾਨਾਂ ਅਤੇ ਪੁਲਿਸ ਲਈ ਕੋਈ ਨਵੀਂ ਗੱਲ ਨਹੀਂ ਹੈ ਅਤੇ ਨਾ ਹੀ ਇਹ ਕੋਈ ਨਵੀਂ ਗੱਲ ਹੈ ਇੱਥੇ ਵੱਸਦੀ ਅਵਾਮ ਦੇ ਲਈ ਪਰ, ਜਿਸ ਅੰਦਾਜ਼ ਵਿੱਚ ਗੋਇਲ ਨੇ ਸਰਕਾਰੀ ਤੰਤਰ ਦੇ ਮੂੰਹ ਤੇ ਭਿਓਂ-ਭਿਓਂ ਕੇ ਛਿੱਤਰ ਮਾਰੇ ਸਨ, ਉਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਅਹਿਮੀਅਤ ਰੱਖਦੇ ਹਨ। 

ਦੋਸਤੋ, ਜਦੋਂ ਇੱਕ ਪੁਲਿਸ ਦਾ ਸੀਨੀਅਰ ਅਫ਼ਸਰ ਜਨਤਕ ਤੌਰ ਤੇ ਕੋਈ ਗੱਲ ਕਰਦਾ ਹੈ ਤਾਂ, ਉਸਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਅਲੋਚਕਾਂ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ, ਕਿਸੇ ਸੂਬੇ ਦੇ ਮੁੱਖ ਮੰਤਰੀ ਅਤੇ ਸਿਆਸਤ ਨਾਲ ਸਬੰਧਿਤ ਹਰ ਲੱਲੀ- ਛੱਲੀ ਦੀ ਗੱਲ ਨੂੰ ਨਕਾਰਿਆ ਜਾ ਸਕਦਾ ਹੈ ਪਰ, ਕਿਸੇ ਮੌਕੇ ਤੇ ਸਰਕਾਰੀ ਅਫ਼ਸਰ ਤੇ ਅਤੇ ਉਹ ਖ਼ਾਸ ਕਰਕੇ ਪੁਲਿਸ ਵਾਲੇ ਦੀ ਗੱਲ ਨੂੰ ਹਰਗਿਜ਼ ਨਕਾਰਿਆ ਨਹੀਂ ਜਾ ਸਕਦਾ ਤੇ ਸ਼ਾਇਦ ਨਾ ਹੀ ਨਕਾਰਿਆ ਹੀ ਜਾਣਾ ਚਾਹੀਦਾ ਹੈ। ਵੈਸੇ ਇਹੋ ਜਿਹੀ ਬੋਲੀ ਸਿਆਸੀ ਲੀਡਰਾਂ ਨੂੰ ਘੱਟ ਹੀ ਹਜ਼ਮ ਆਇਆ ਕਰਦੀ ਹੈ, ਖ਼ੁਦਾ ਖ਼ੈਰ ਸਲਾਮਤ ਰੱਖੇ ਉਨ੍ਹਾਂ ਦੀ ਨੌਕਰੀ ਨੂੰ।

ਗੋਇਲ ਨੇ ਸੈਮੀਨਾਰ ਦੇ ਦੌਰਾਨ ਕੀ ਅਤੇ ਕਿਸਦੇ ਖ਼ਿਲਾਫ਼ ਬੋਲਿਆ, ਉਸਦਾ ਜ਼ਿਕਰ ਕਰਨ ਦੀ ਲੋੜ ਨਹੀਂ ਪਰ, ਜਿਸ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਹੀ ਵਿਭਾਗ ਦੇ ਨਾਲ-ਨਾਲ ਸਿਆਸੀ ਲੀਡਰਾਂ ਦੀਆਂ ਦੀ ਖੁੰਬ ਠਪਾਈ ਕੀਤੀ, ਉਹ ਉਸ ਲਈ ਵਧਾਈ ਦੇ ਪਾਤਰ ਹਨ, ਉਨ੍ਹਾਂ ਦੇ ਹੌਂਸਲੇ ਦੀ ਜਿੰਨੀ ਵੀ ਦਾਦ ਦਿੱਤੀ ਜਾਵੇ ਓਨੀ ਹੀ ਘੱਟ ਹੈ। 

ਦੋਸਤੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ, ਸੰਦੀਪ ਗੋਇਲ ਦੇ ਹੱਥ ਉਸ ਜ਼ਿਲ੍ਹੇ ਦੀ ਵਾਗਡੋਰ ਹੈ, ਜਿੱਥੋਂ ਹੁਣੇ-ਹੁਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੋਕ ਸਭਾ ਦੀ ਚੋਣ ਜਿੱਤੇ ਹਨ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸਿਆਸੀ ਲੀਡਰਾਂ ਨੂੰ ਵੀ ਨਿਸ਼ਾਨਾ ਬਣਾਇਆ ਉਸਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ, ਗੋਇਲ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਭਾਵ ਹੇਠ ਕੰਮ ਕਰਨ ਵਾਲੇ ਨਹੀਂ ਹਨ ਤੇ ਲੱਗਦਾ ਨਹੀਂ ਕਿ, ਸ਼ਾਇਦ ਉਹ ਕਿਸੇ ਸਿਆਸੀ ਲੀਡਰ ਦੇ ਝੋਲੀ ਚੁੱਕ ਬਣਨਾ ਹੀ ਪਸੰਦ ਕਰਨਗੇ।

ਦੋਸਤੋ, ਅੱਜ ਦੇ ਦੌਰ ਵਿੱਚ ਸੰਦੀਪ ਗੋਇਲ ਵਰਗੀਆਂ ਸਿੱਧੀਆਂ ਗੱਲਾਂ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ, ਉਹ ਵੀ ਉਦੋਂ ਜਦੋਂ ਉਹ ਗੱਲਾਂ ਸਿੱਧੀਆਂ ਸਿਆਸਤਦਾਨਾਂ ਦੇ ਗਿੱਟਿਆਂ ਵਿੱਚ ਵੱਜਦੀਆਂ ਹੋਈਆਂ ਨਜ਼ਰ ਆਉਂਦੀਆਂ ਹੋਣ। ਜੋ ਵੀ ਹੈ ਗੋਇਲ ਦੀਆਂ ਸਿੱਧੀਆਂ ਤੇ ਗੋਲਮੋਲ ਗੱਲਾਂ ਨੂੰ ਨਕਾਰਿਆ ਨਹੀਂ ਜਾਣਾ ਚਾਹੀਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।