ਹੁਣ ਸਤਲੁਜ ਦਰਿਆ 'ਚ ਨਹੀਂ ਚੱਲੇਗੀ ਰਾਤ ਨੂੰ ਕਿਸ਼ਤੀ

Last Updated: Jun 17 2019 17:06
Reading time: 0 mins, 48 secs

ਹਿੰਦ-ਪਾਕਿ ਦੋਵਾਂ ਦੇਸ਼ਾਂ ਦੇ ਸਾਂਝੇ ਸਤਲੁਜ ਦਰਿਆ ਵਿੱਚ ਹੁਣ ਰਾਤ ਸਮੇਂ ਹੁਣ ਕਿਸ਼ਤੀਆਂ ਨਹੀਂ ਚੱਲਿਆ ਕਰਨਗੀਆਂ। ਪ੍ਰਸ਼ਾਸਨ ਦੀ ਨਿਗਾਹ ਵਿੱਚ ਆਇਆ ਹੈ ਕਿ ਸਤਲੁਜ ਦਰਿਆ ਦੇ ਰਸਤਿਓਂ ਰਾਤ ਸਮੇਂ ਸਮਗਲਿੰਗ ਹੁੰਦੀ ਹੈ। ਇਸ ਲਈ ਰਾਤ ਸਮੇਂ ਕਿਸ਼ਤੀ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਚੰਦਰ ਗੈਂਦ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਰਹੱਦੀ ਏਰੀਏ ਵਿੱਚ ਪੈਂਦੇ ਦਰਿਆ ਵਿੱਚ ਪ੍ਰਾਈਵੇਟ ਵਿਅਕਤੀਆਂ ਵੱਲੋਂ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਿਸ਼ਤੀਆਂ ਚਲਾਉਣ 'ਤੇ ਪੂਰਨ ਪਾਬੰਦੀ ਦਾ ਹੁਕਮ ਜਾਰੀ ਕੀਤਾ ਗਿਆ ਹੈ।

ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਪੈਂਦੇ ਦਰਿਆਵਾਂ ਵਿੱਚ ਪ੍ਰਾਈਵੇਟ ਵਿਅਕਤੀਆਂ ਵੱਲੋਂ ਪਾਕਿਸਤਾਨ ਪਾਸੋਂ ਡਰੱਗ ਸਮਗਲਿੰਗ ਕਰਨ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਰੋਕਣ ਲਈ ਅਤੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਇਹ ਪਾਬੰਦੀ ਦਾ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਰਾਤ ਸਮੇਂ ਸਤਲੁਜ ਦਰਿਆ ਦੇ ਵਿੱਚ ਕਿਸ਼ਤੀ ਚਲਾਉਂਦਾ ਫੜਿਆ ਗਿਆ, ਉਸ ਦੇ ਵਿਰੁੱਧ ਪ੍ਰਸ਼ਾਸਨ ਦੇ ਵਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।