ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਸਿਵਲ ਹਸਪਤਾਲ ਵਿਖੇ ਰੋਸ ਪ੍ਰਦਰਸ਼ਨ !!!

Last Updated: Jun 17 2019 15:06
Reading time: 1 min, 7 secs

ਬੀਤੇ ਦਿਨੀਂ ਪੱਛਮੀ ਬੰਗਾਲ ਐੱਨਆਰਐੱਸਐੱਮਸੀਐੱਚ ਵਿੱਚ ਡਾਕਟਰਾਂ 'ਤੇ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਮੈਡੀਕਲ ਅਫ਼ਸਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੀਸੀਐੱਮਐੱਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਿਤੇਸ਼ ਸਹੋਤਾ, ਉਪ ਪ੍ਰਧਾਨ ਡਾ. ਆਂਦਲ ਅਤੇ ਹੋਰ ਡਾਕਟਰ ਸ਼ਾਮਲ ਸਨ। ਡਾਕਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰਾਂ ਨੂੰ ਡਿਊਟੀ ਦੌਰਾਨ ਸੁਰੱਖਿਆ ਦੀ ਵੱਧ ਤੋਂ ਵੱਧ ਲੋੜ ਹੈ ਤਾਂ ਜੋ ਮਰੀਜ਼ਾਂ ਦਾ ਇਲਾਜ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਵਧੀਆ ਤਰੀਕੇ ਨਾਲ ਕੀਤਾ ਜਾਵੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾਕਟਰ ਵੀ ਇਨਸਾਨ ਹਨ, ਕਿਉਂਕਿ ਕੋਈ ਵੀ ਜੀਵ ਅਮਰ ਨਹੀਂ ਹੁੰਦਾ। ਇਸ ਕਰਕੇ ਹਰ ਮਰੀਜ਼ ਦੀ ਜਾਨ ਬਚਾਉਣਾ ਸੰਭਵ ਨਹੀਂ ਹੈ। ਕਲਕੱਤਾ ਵਿਖੇ ਲੋਕਾਂ ਵੱਲੋਂ ਜੋ ਕਾਨੂੰਨ ਵਿਵਸਥਾ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ, ਉਹ ਬਹੁਤ ਹੀ ਸ਼ਰਮਨਾਕ ਗੱਲ ਹੈ, ਜਿਸ ਕਰਕੇ ਡਾਕਟਰਾਂ ਨੂੰ ਸੁਰੱਖਿਆ ਦੀ ਲੋੜ ਹੈ। ਸਮੇਂ-ਸਮੇਂ 'ਤੇ ਡਾਕਟਰਾਂ ਉੱਪਰ ਇਹੋ ਜਿਹੇ ਵਾਕੇ ਹੁੰਦੇ ਰਹਿੰਦੇ ਹਨ, ਪਰ ਕਦੇ ਵੀ ਕੋਈ ਸਰਕਾਰ ਵੱਲੋਂ ਠੋਸ ਕਦਮ ਨਹੀਂ ਚੁੱਕਿਆ ਗਿਆ।
 
ਜਿਸ ਕਰਕੇ ਡਾਕਟਰਾਂ ਦੀ ਸਰਕਾਰ ਨੂੰ ਬੇਨਤੀ ਹੈ ਕਿ ਕੋਈ ਠੋਸ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਲਈ ਇੱਕ ਮਿਸਾਲ ਸਾਬਤ ਹੋਵੇ। ਇਸ ਮੌਕੇ ਡਾ. ਜਤਿੰਦਰ ਕੋਛੜ, ਡਾ. ਪ੍ਰਦੀਪ ਅਗਰਵਾਲ, ਡਾ. ਯੁਗਪ੍ਰੀਤ, ਡਾ. ਅਮਰਿੰਦ, ਡਾ. ਅਭਿਜੀਤ, ਡਾ. ਬੇਅੰਤ, ਡਾ. ਹਰਿੰਦਰ ਕੌਰ, ਡਾ. ਨਵਜੋਤ ਕੌਰ, ਡਾ. ਹਰਪ੍ਰੀਤ, ਡਾ. ਜਸਪ੍ਰੀਤ, ਡਾ. ਨੇਹਾ, ਡਾ. ਹੀਨਾ, ਡਾ. ਅਭੇਜੀਤ, ਡਾ. ਪਵਿੱਤਰ ਆਦਿ ਹਾਜ਼ਰ ਸਨ।