ਲੱਗਦੈ ਮੋਦੀ ਗੰਭੀਰ ਹੈ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੱਠਿਆਂ ਕਰਵਾਉਣ ਲਈ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Jun 17 2019 12:54
Reading time: 1 min, 45 secs

ਭਾਰਤ ਦੇਸ਼ ਇੱਕ ਲੋਕਤਾਂਤ੍ਰਿਕ ਦੇਸ਼ ਹੈ ਅਤੇ ਇਸ ਦੇਸ਼ ਵਿੱਚ ਐਸਾ ਢਾਂਚਾ ਬਣਿਆ ਹੋਇਆ ਹੈ ਜਿਸ ਵਿੱਚ ਦੇਸ਼ ਪੱਧਰ ਤੇ, ਰਾਜ ਪੱਧਰ ਤੇ ਅਤੇ ਫਿਰ ਨਿਚਲੇ ਪੱਧਰ ਪੰਚਾਇਤ ਜਾਂ ਕੌਂਸਲਰ ਪੱਧਰ ਤੇ ਦੇਸ਼ ਦਾ ਢਾਂਚਾ ਚਲਾਇਆ ਜਾ ਰਿਹਾ ਹੈ। ਭਾਰਤ ਇੱਕ ਵਿਸ਼ਾਲ ਦੇਸ਼ ਵੀ ਹੈ ਅਤੇ ਜਿਸ ਕਰਕੇ ਦੇਸ਼ ਵਿੱਚ ਕਦੀ ਪੰਚਾਇਤ ਦੀਆ ਚੋਣਾਂ, ਕਦੀ ਰਾਜ ਸਰਕਾਰ ਦੀਆ ਚੋਣਾਂ ਅਤੇ ਕਦੀ ਕੇਂਦਰ ਸਰਕਾਰ ਦੀਆ ਚੋਣਾਂ ਹੋ ਰਹੀਆਂ ਹੁੰਦੀਆਂ ਹਨ। ਭਾਰਤ ਦਾ ਚੋਣ ਕਮਿਸ਼ਨ ਜਦੋਂ ਵੀ ਕੋਈ ਚੋਣਾਂ ਕਰਵਾਉਂਦਾ ਹੈ ਤਾਂ ਉਸ ਸਮੇਂ ਦੌਰਾਨ ਇੱਕ ਆਦਰਸ਼ ਚੋਣ ਜ਼ਾਬਤਾ ਲਗਾ ਦਿੰਦਾ ਹੈ ਜਿਸ ਵਿੱਚ ਜਿਥੇ ਚੋਣਾਂ ਹੋ ਰਹੀਆਂ ਹੁੰਦੀਆਂ ਹਨ ਉੱਥੇ ਸਰਕਾਰ ਦੁਆਰਾ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਜਾ ਸਕਦਾ ਅਤੇ ਖਰਚਾ ਜੋ ਹੁੰਦਾ ਹੈ ਉਹ ਦੇਸ਼ ਦੀ ਜਨਤਾ ਤੇ ਬੋਝ ਪੈਂਦਾ ਹੈ। ਨੋਟ ਬੰਦੀ ਅਤੇ ਜੀਐਸਟੀ ਦੇ ਕਰੜੇ ਫ਼ੈਸਲੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਇੱਕ ਦੇਸ਼ ਇੱਕ ਚੋਣ ਦਾ ਨਾਅਰਾ ਦਿੱਤਾ ਜਿਸ ਨਾਲ ਦੇਸ਼ ਦੀ ਜਨਤਾ ਨੂੰ ਚੋਣਾਂ ਦੇ ਖ਼ਰਚ ਦੇ ਬੋਝ ਤੋਂ ਬਚਾਇਆ ਜਾਏ ਅਤੇ ਵਿਕਾਸ ਕੰਮ ਵਿੱਚ ਅੜਿੱਕਾ ਪੈਦਾ ਕਰ ਰਹੇ ਆਦਰਸ਼ ਚੋਣ ਜ਼ਾਬਤੇ ਤੋਂ ਵੀ ਬੱਚਤ ਹੋ ਜਾਏ। ਪ੍ਰਧਾਨ ਮੰਤਰੀ ਦੇ ਇਸ ਨਾਅਰੇ ਦੇ ਨਾਲ ਕੁਝ ਕੇਂਦਰੀ ਪਾਰਟੀਆਂ ਤਾਂ ਸਹਿਮਤ ਹੋ ਗਈਆਂ ਪਰ ਕੁੱਝ ਖੇਤਰੀ ਪਾਰਟੀਆਂ ਸਹਿਮਤ ਨਾ ਹੋਣ ਕਰਕੇ ਇਸ ਵਾਰ ਇਸ ਨਾਅਰੇ ਨੂੰ ਅਮਲੀ ਰੂਪ ਦੇਣ ਵਿੱਚ ਕਾਮਯਾਬੀ ਹਾਸਿਲ ਨਹੀਂ ਹੋ ਸਕੀ ਅਤੇ ਲੱਗ ਰਿਹਾ ਸੀ ਕਿ ਇਹ ਮਾਮਲਾ ਠੰਡੇ ਬਸਤੇ ਵਿੱਚ ਚਲਾ ਗਿਆ ਹੈ। ਲੋਕ ਸਭਾ ਚੋਣਾਂ 2019 ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਵੀ ਲੋਕ ਸਭਾ ਦੇ ਪਹਿਲੇ ਇਜਲਾਸ ਤੋਂ ਪਹਿਲਾ ਇੱਕ ਸਰਬ ਪਾਰਟੀ ਮੀਟਿੰਗ ਬੁਲਾ ਕੇ ਬਹੁਤ ਸਾਰਿਆ ਮੁੱਦਿਆਂ ਤੇ ਚਰਚਾ ਕੀਤੀ ਇਨ੍ਹਾਂ ਮੁੱਦਿਆਂ ਵਿੱਚੋਂ ਇੱਕ ਮੁੱਦਾ ਇੱਕ ਦੇਸ਼ ਇੱਕ ਚੋਣ ਦਾ ਵੀ ਉਨ੍ਹਾਂ ਨੇ ਇਸ ਮੀਟਿੰਗ ਵਿੱਚ ਉਭਾਰਿਆ। ਪ੍ਰਧਾਨ ਮੰਤਰੀ ਦੇ ਇਸ ਮੀਟਿੰਗ ਵਿੱਚ ਇਸ ਮੁੱਦੇ ਨੂੰ ਉਭਾਰਨ ਨਾਲ ਫਿਰ ਤੋਂ ਇਹ ਆਸ ਜਾਗ ਗਈ ਕਿ ਇਹ ਦੇਸ਼ ਅੱਡੋ ਅੱਡ ਹੋ ਰਹੀਆਂ ਚੋਣਾਂ ਦੇ ਚੱਕਰ ਵਿੱਚੋਂ ਮੁਕਤ ਹੋ ਸਕੇਗਾ ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਖੇਤਰੀ ਪਾਰਟੀਆਂ ਪ੍ਰਧਾਨ ਮੰਤਰੀ ਦੇ ਇਸ ਨਾਅਰੇ ਨੂੰ ਕਿੰਨੀ ਕੁ ਸਹਿਮਤੀ ਦੇਣਗੀਆਂ ਪਰ ਜੇਕਰ ਐਦਾਂ ਹੋ ਜਾਏ ਤਾ ਦੇਸ਼ਵਾਸੀਆਂ ਲਈ ਬਹੁਤ ਚੰਗਾ ਹੋਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।