ਖੁੱਲ੍ਹੇ ਬੋਰਵੈਲਾਂ ਤੇ ਖੂਹੀਆਂ ਸਬੰਧੀ ਸਰਵੇਖਣ ਕਰਵਾਉਣ ਦੇ ਡੀ.ਸੀ ਨੇ ਜਾਰੀ ਕੀਤੇ ਨਿਰਦੇਸ਼

Last Updated: Jun 16 2019 18:57
Reading time: 1 min, 31 secs

ਖੁੱਲ੍ਹੇ ਬੋਰਵੈਲਾਂ ਨੂੰ ਢੱਕਣ ਸਬੰਧੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਮਾਲ, ਮੁੜ ਵਸੇਬਾ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਨੇ ਸੂਬੇ ਭਰ 'ਚ ਖੂਹੀਆਂ ਅਤੇ ਬੋਰਵੈਲਾਂ ਸਬੰਧੀ ਸਰਵੇਖਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤਹਿਤ ਐਸ.ਏ.ਐਸ ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੀ ਸੀਮਾ ਅੰਦਰ ਖੁੱਲ੍ਹੇ ਬੋਰਵੈਲਾਂ ਅਤੇ ਖੂਹੀਆਂ ਸਬੰਧੀ ਸਰਵੇਖਣ ਕਰਵਾਉਣ ਦੇ ਆਰਡਰ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਜ਼ਮੀਨ ਜਾਂ ਕਿਸੇ ਜਗ੍ਹਾ ਦੇ ਮਾਲਕ ਨੂੰ ਬੋਰਵੈਲ ਜਾਂ ਟਿਊਬਵੈੱਲ ਲਗਵਾਉਣ ਤੋਂ 15 ਦਿਨ ਪਹਿਲਾਂ ਆਪਣੇ ਇਲਾਕੇ ਦੇ ਸਬੰਧਿਤ ਅਧਿਕਾਰੀਆਂ ਜ਼ਿਲ੍ਹਾ ਮੈਜਿਸਟਰੇਟ, ਗ੍ਰਾਮ ਪੰਚਾਇਤ ਦੇ ਸਰਪੰਚ, ਭੂ ਜਲ ਵਿਭਾਗ, ਜਨ ਸਿਹਤ ਵਿਭਾਗ, ਨਗਰ ਨਿਗਮਾਂ ਦੇ ਸਬੰਧਿਤ ਅਧਿਕਾਰੀ ਜਾਂ ਕੋਈ ਹੋਰ ਕਾਨੂੰਨੀ ਅਥਾਰਿਟੀ ਨੂੰ ਲਿਖਤੀ ਜਾਣਕਾਰੀ ਜ਼ਰੂਰ ਦੇਣੀ ਪਵੇਗੀ। ਇਸ ਤੋਂ ਇਲਾਵਾ ਬੋਰ ਕਰਨ ਵਾਲੀਆਂ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਏਜੰਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ।

ਡਿਪਟੀ ਕਮਿਸ਼ਨਰ ਸ਼੍ਰੀ ਦਿਆਲਨ ਨੇ ਕਿਹਾ ਕਿ ਬੋਰ ਕਰਨ ਵਾਲੀ ਥਾਂ ਤੇ ਕੰਮ ਦੌਰਾਨ ਬੋਰ ਕਰ ਰਹੀ ਏਜੰਸੀ ਅਤੇ ਜ਼ਮੀਨ ਮਾਲਕ ਦੇ ਪਤੇ ਵਾਲਾ ਬੋਰਡ ਲਗਾਉਣ ਦੇ ਨਾਲ ਬੋਰ ਵਾਲੀ ਥਾਂ ਤੇ ਕੰਡਿਆਲੀ ਤਾਰ ਲਗਾਈ ਜਾਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਬੋਰਵੈਲ ਵਾਲੀ ਥਾਂ ਤੇ ਨਿਰਧਾਰਿਤ ਮਾਪਦੰਡਾਂ ਮੁਤਾਬਿਕ ਸੀਮਿੰਟ ਦਾ ਥੜ੍ਹਾ ਬਣਾਇਆ ਜਾਵੇ। ਬੋਰ 'ਚ ਪਾਏ ਜਾਣ ਵਾਲੇ ਪਾਈਪ ਦੇ ਸਿਰੇ ਤੇ ਸਟੀਲ ਪਲੇਟ ਦੀ ਵੈਲਡਿੰਗ ਕੀਤੀ ਹੋਵੇ ਜਾਂ ਉਸ ਉੱਤੇ ਕਵਰ ਚੜ੍ਹਾਇਆ ਹੋਵੇ। ਜਦਕਿ ਮੋਟਰ ਦੀ ਮੁਰੰਮਤ ਦੀ ਹਾਲਤ 'ਚ ਬੋਰਵੈਲ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ। ਕੰਮ ਪੂਰਾ ਹੋਣ ਬਾਅਦ ਬੋਰਵੈਲ ਨੇੜੇ ਪਾਣੀ ਇਕੱਠਾ ਕਰਨ ਲਈ ਬਣਾਇਆ ਟੋਇਆ ਵੀ ਮਿੱਟੀ ਨਾਲ ਭਰਿਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਬੰਦ ਪਏ ਬੋਰਵੈਲਾਂ ਨੂੰ ਰੇਤ, ਪੱਥਰਾਂ ਜਾਂ ਮਿੱਟੀ ਨਾਲ ਭਰਿਆ ਜਾਵੇ। ਖੂਹੀਆਂ ਤੇ ਬੋਰਵੈਲਾਂ ਦੀ ਮੋਨੀਟਰਿੰਗ ਲਈ ਖੇਤੀਬਾੜੀ ਵਿਭਾਗ ਪੇਂਡੂ ਖੇਤਰ ਲਈ ਨੋਡਲ ਏਜੰਸੀ ਹੋਵੇਗੀ, ਜਦਕਿ ਸ਼ਹਿਰੀ ਖੇਤਰਾਂ ਲਈ ਭੂ ਜਲ, ਜਨ ਸਿਹਤ, ਨਗਰ ਨਿਗਮ ਜਾਂ ਨਗਰ ਕੌਂਸਲ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਜੇ ਕੋਈ ਬੋਰਵੈਲ ਬੰਦ ਕਰਨਾ ਹੈ ਤਾਂ ਸਬੰਧਿਤ ਮਾਲਕ ਨੂੰ ਇਸਨੂੰ ਭਰਨ ਤੋਂ ਬਾਅਦ ਸਰਟੀਫਿਕੇਟ ਜ਼ਰੂਰੀ ਲੈਣਾ ਪਵੇਗਾ।