ਸਕੂਲ ਵਿਦਿਆਰਥਣ ਨਾਲ ਗੁਆਂਢੀ ਨੌਜਵਾਨ ਨੇ ਕੀਤਾ ਬਲਾਤਕਾਰ, ਪਰਚਾ ਦਰਜ

Last Updated: Jun 16 2019 18:18
Reading time: 1 min, 47 secs

ਸਕੂਲ 'ਚੋਂ ਛੁੱਟੀ ਹੋਣ ਦੇ ਬਾਦ ਵਾਪਸ ਘਰ ਪਹੁੰਚੀ 17 ਸਾਲਾਂ ਦੀ ਨੌਜਵਾਨ ਵਿਦਿਆਰਥਣ ਨੂੰ ਘਰ 'ਚ ਇਕੱਲੀ ਦੇਖਕੇ ਗੁਆਂਢੀ ਨੌਜਵਾਨ ਵੱਲੋਂ ਘਰ 'ਚ ਵੜਕੇ ਜਬਰਦਸਤੀ ਲੜਕੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਇਹ ਮਾਮਲਾ ਕਰੀਬ ਇੱਕ ਸਾਲ ਪੁਰਾਣਾ ਹੈ। ਪਰ ਆਰੋਪੀ ਨੌਜਵਾਨ ਵੱਲੋਂ ਪੀੜਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਨਲੇਵਾ ਧਮਕੀਆਂ ਦਿੱਤੇ ਜਾਣ ਬਾਦ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਪੁਲਿਸ ਨੇ ਜਾਂਚ ਕਰਕੇ ਨੌਜਵਾਨ ਅਭੀ ਕੁਮਾਰ ਵਾਸੀ ਗੁਰੂ ਤੇਗ ਬਹਾਦਰ ਨਰ, ਖੰਨਾ ਦੇ ਖਿਲਾਫ ਬਲਾਤਕਾਰ ਦੇ ਦੋਸ਼ 'ਚ ਪਰਚਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਹਿਰ ਦੇ ਪ੍ਰਾਈਵੇਟ ਸਕੂਲ 'ਚ 12ਵੀਂ ਜਮਾਤ 'ਚ ਪੜਨ ਵਾਲੀ ਪੀੜਤ ਲੜਕੀ ਦੀ ਮਾਂ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਦੱਸਿਆ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਉਸਦੀ ਲੜਕੀ ਸਕੂਲ 'ਚੋਂ ਛੁੱਟੀ ਕਰਨ ਦੇ ਬਾਦ ਵਾਪਸ ਆਪਣੇ ਘਰ ਪਹੁੰਚੀ ਸੀ। ਇਸੇ ਦੌਰਾਨ ਉਨਾਂ ਦੇ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਅਭੀ ਕੁਮਾਰ ਨੇ ਲੜਕੀ ਨੂੰ ਘਰ 'ਚ ਇਕੱਲਾ ਦੇਖਕੇ ਕਮਰੇ ਅੰਦਰ ਵੜ ਗਿਆ। ਜਿਸਨੇ ਉਸਦੀ ਨਬਾਲਗ ਲੜਕੀ ਨਾਲ ਜਬਰਦਸਤੀ ਕਰਦੇ ਹੋਏ ਉਸਦੇ ਮੂੰਹ 'ਚ ਕੱਪੜਾ ਪਾ ਕੇ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਿਆ।

ਸ਼ਿਕਾਇਤਕਰਤਾ ਵੱਲੋਂ ਪੁਲਿਸ ਨੂੰ ਦੱਸੇ ਜਾਣ ਮੁਤਾਬਕ ਬਾਚ 'ਚ ਘਟਨਾ ਸੰਬੰਧੀ ਲੜਕੀ ਵੱਲੋਂ ਦੱਸੇ ਜਾਣ ਤੇ ਉਨਾਂ ਨੇ ਬਦਨਾਮੀ ਹੋਣ ਦੇ ਡਰ ਤੋਂ ਮੋਹਤਬਰ ਵਿਅਕਤੀਆਂ ਦੇ ਵਿੱਚ ਪੈਣ ਤੇ ਅਭੀ ਕੁਮਾਰ ਵੱਲੋਂ ਮਾਫੀ ਮੰਗਣ ਦੇ ਚੱਲਦੇ ਮਾਮਲਾ ਸ਼ਾਂਤ ਹੋ ਗਿਆ ਸੀ। ਪਰ ਬਾਦ 'ਚ ਉਕਤ ਨੌਜਵਾਨ ਨੇ 21 ਮਾਰਚ 2019 ਨੂੰ ਸਕੂਲ ਤੋਂ ਆਉਂਦੇ ਸਮੇਂ ਲੜਕੀ ਨੂੰ ਘੇਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨਾਂ ਨੂੰ ਧਮਕਾਉਂਦਾ ਰਿਹਾ। ਜਿਸਦੇ ਚੱਲਦੇ ਦੋਨਾਂ ਧਿਰਾਂ ਵੱਲੋਂ ਝਗੜੇ ਸੰਬੰਧੀ ਸ਼ਿਕਾਇਤਾਂ ਸ਼ੁਰੂ ਹੋ ਗਈਆਂ। ਨਬਾਲਗਾ ਨਾਲ ਬਲਾਤਕਾਰ ਕਰਨ ਸੰਬੰਧੀ ਸ਼ਿਕਾਇਤ ਮਿਲਣ ਬਾਦ ਵੀਮੈਨ ਸੈਲ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਉਕਤ ਨੌਜਵਾਨ ਕਸੂਰਵਾਰ ਪਾਇਆ ਗਿਆ, ਜਿਸਦੇ ਚੱਲਦੇ ਪੁਲਿਸ ਵੱਲੋਂ ਅਭੀ ਕੁਮਾਰ ਖਿਲਾਫ ਬਲਾਤਕਾਰ ਕਰਨ ਦੇ ਇਲਜ਼ਾਮ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਸਿਟੀ-2 ਦੇ ਐਸਐਚਓ ਗੁਰਮੈਲ ਸਿੰਘ ਦਾ ਕਹਿਣਾ ਹੈ ਕਿ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਤੇ ਨੌਜਵਾਨ ਅਭੀ ਕੁਮਾਰ ਖਿਲਾਫ ਬਲਾਤਕਾਰ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਉਹ ਆਪਣੇ ਘਰ ਤੋਂ ਫਰਾਰ ਚੱਲ ਰਿਹਾ ਹੈ, ਜਿਸਨੂੰ ਗਿਰਫਤਾਰ ਕਰਨ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਸਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।