ਬੇਅਦਬੀ ਗੋਲੀਕਾਂਡ: ਸਿੱਟ ਦਾ ਦਾਅਵਾ ਕਿ ਜਾਂਚ ਟੀਮ ਅਤੇ ਪੁਲਿਸ ਨੇ ਮਿਲਕੇ ਬਦਲੇ ਸਨ ਸਾਰੇ ਸਬੂਤ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 17:33
Reading time: 1 min, 18 secs

ਕੋਟਕਪੂਰਾ ਅਤੇ ਬਹਿਬਲ ਕਲਾਂ ਬੇਅਦਬੀ ਗੋਲੀਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਹੁਣ ਇੱਕ ਹੋਰ ਨਵਾਂ ਖ਼ੁਲਾਸਾ ਕੀਤਾ ਹੈ। ਫ਼ਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਬੀਤੇ ਦਿਨ ਹੋਈ ਮਾਮਲੇ ਦੀ ਸੁਣਵਾਈ ਦੌਰਾਨ ਸਿੱਟ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਬਾਦਲ ਸਰਕਾਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਅਤੇ ਮੁਲਜ਼ਮ ਪੁਲਿਸ ਅਫ਼ਸਰਾਂ ਨੇ ਮਿਲ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਸਿੱਟ ਦੇ ਅਨੁਸਾਰ ਗੋਲੀਕਾਂਡ ਵਿੱਚ ਵਰਤੇ ਗਏ ਸਾਰੇ ਹਥਿਆਰਾਂ ਨੂੰ ਪੁਲਿਸ ਨੇ ਅਗਲੇ ਹੀ ਦਿਨ ਮੋਗਾ ਪੁਲਿਸ ਕੋਲ ਜਮਾਂ ਕਰਵਾ ਕੇ ਨਵੇਂ ਹਥਿਆਰ ਜਾਰੀ ਕਰਵਾ ਲਏ ਸਨ। ਇਸੇ ਤਰ੍ਹਾਂ ਪੁਲਿਸ ਦੀ ਜਿਪਸੀ ਤੇ ਵੀ ਜਾਅਲੀ ਫਾਇਰਿੰਗ ਕਰ ਇਸਨੂੰ ਆਤਮ ਰੱਖਿਆ ਦਾ ਮਾਮਲਾ ਬਣਾਉਣ ਦੋ ਕੋਸ਼ਿਸ਼ ਕੀਤੀ ਗਈ।

ਸਿੱਟ ਨੇ ਨਾਲ ਹੀ ਕਿਹਾ ਹੈ ਕਿ ਸਾਰੇ ਘਟਨਾਕ੍ਰਮ ਦਾ ਨਕਸ਼ਾ, ਧਰਨੇ ਅਤੇ ਫਾਇਰਿੰਗ ਆਦਿ ਦਾ ਸਥਾਨ ਜਾਂਚ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਇਸਦੇ ਨਾਲ ਹੀ ਮਾਰੇ ਗਏ ਦੋ ਲੋਕਾਂ ਦੇ ਉੱਤੇ ਬੈਠੇ ਹੋਏ ਗੋਲੀ ਚੱਲੀ ਸੀ ਪਰ ਇਸਨੂੰ ਖੜੇ ਅਤੇ ਸਾਹਮਣੇ ਤੋਂ ਦਿਖਾਉਣ ਦੀ ਕੋਸ਼ਿਸ਼ ਹੋਈ ਅਤੇ ਮ੍ਰਿਤਕਾਂ ਦੇ ਸਰੀਰ ਵਿੱਚ ਨਿਕਲੀਆਂ ਗੋਲੀਆਂ ਨਾਲ ਛੇੜਖ਼ਾਨੀ ਕਰ ਇਹਨਾਂ ਗੋਲੀਆਂ ਦੀ ਪਹਿਚਾਣ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਦੱਸਣਯੋਗ ਹੈ ਕਿ ਸਿੱਟ ਦੇ ਵੱਲੋਂ ਫ਼ਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਏਡੀਸੀਪੀ ਪਰਮਜੀਤ ਸਿੰਘ ਪੰਨੂ, ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ, ਡੀਐਸਪੀ ਬਲਜੀਤ ਸਿੰਘ ਅਤੇ ਐਸਐਚਓ ਗੁਰਦੀਪ ਸਿੰਘ ਪੰਧੇਰ ਦੇ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਅਤੇ ਇਹਨਾਂ ਸਭ ਦੇ ਖ਼ਿਲਾਫ਼ ਧਾਰਾ 307, 323 ਅਤੇ 341 ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਇਸ ਮਾਮਲੇ ਵਿੱਚ ਹੁਣ ਇਹਨਾਂ ਸਭ ਮੁਲਜ਼ਮਾਂ ਦੀ 12 ਜੁਲਾਈ ਨੂੰ ਅਗਲੀ ਪੇਸ਼ੀ ਤਹਿ ਕੀਤੀ ਗਈ ਹੈ ਅਤੇ ਇਸ ਦਿਨ ਹੀ ਇਸ ਮਾਮਲੇ ਤੇ ਅਗਲੀ ਬਹਿਸ ਹੋਵੇਗੀ।