ਪੈਂਚਰ ਹੋਏ ਟਾਇਰ ਨੂੰ ਬਦਲੀ ਕਰ ਰਹੇ ਕਾਰ ਡਰਾਈਵਰ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, ਮੌਤ

Last Updated: Jun 16 2019 17:12
Reading time: 1 min, 54 secs

ਅਖ਼ਬਾਰਾਂ ਦੀ ਸਪਲਾਈ ਦੇ ਕੇ ਵਾਪਸ ਲੁਧਿਆਣਾ ਆਪਣੇ ਘਰ ਨੂੰ ਜਾ ਰਹੇ ਮਾਰੂਤੀ ਕਾਰ ਡਰਾਈਵਰ ਨੂੰ ਪੈਂਚਰ ਹੋਏ ਟਾਇਰ ਨੂੰ ਬਦਲੀ ਕਰਨ ਸਮੇਂ ਨਜ਼ਦੀਕੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਲ ਤੜਕੇ ਇੱਕ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ, ਜਿਸਦੇ ਚੱਲਦੇ ਕਾਰ ਡਰਾਈਵਰ ਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਹਿਚਾਣ ਸੁਖਦੇਵ ਸਿੰਘ (49) ਵਾਸੀ ਜਨਕਪੁਰੀ, ਲੁਧਿਆਣਾ ਵਜੋਂ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਇਆ ਸੁਖਦੇਵ ਸਿੰਘ ਲੁਧਿਆਣਾ ਸਥਿਤ ਅਖ਼ਬਾਰ ਛਾਪਣ ਵਾਲੀ ਪ੍ਰੈਸ ਚੋਂ ਅੰਗਰੇਜ਼ੀ ਦੇ ਅਖ਼ਬਾਰ ਆਪਣੀ ਮਾਰੂਤੀ ਕਾਰ 'ਚ ਲੋਡ ਕਰਕੇ ਚੰਡੀਗੜ੍ਹ ਛੱਡ ਕੇ ਆਉਣ ਦਾ ਕੰਮ ਕਰਦਾ ਸੀ। ਜੋ ਕਿ ਲੁਧਿਆਣਾ ਤੋਂ ਅਖ਼ਬਾਰਾਂ ਦੀ ਸਪਲਾਈ ਲੈਣ ਦੇ ਬਾਅਦ ਸਵੇਰੇ ਚੰਡੀਗੜ੍ਹ ਛੱਡ ਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਸਵੇਰੇ ਕਰੀਬ ਸਾਢੇ ਚਾਰ ਵਜੇ ਨੈਸ਼ਨਲ ਹਾਈਵੇ ਤੇ ਪੈਂਦੇ ਨਜ਼ਦੀਕੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਕੋਲ ਪਹੁੰਚਿਆ ਤਾਂ ਕਾਰ ਦਾ ਟਾਇਰ ਪੈਂਚਰ ਹੋ ਗਿਆ।

ਬਾਅਦ 'ਚ ਜਦੋਂ ਉਹ ਕਾਰ ਨੂੰ ਸਾਈਡ ਤੇ ਲਗਾਕੇ ਪੈਂਚਰ ਹੋਏ ਟਾਇਰ ਨੂੰ ਬਦਲੀ ਕਰ ਰਿਹਾ ਸੀ ਤਾਂ ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਅਣਪਛਾਤੇ ਵਾਹਨ ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਕਾਰ ਡਰਾਈਵਰ ਨੂੰ ਲਪੇਟ 'ਚ ਲੈ ਲਿਆ ਅਤੇ ਕੁਚਲ ਦਿੱਤਾ। ਬਾਅਦ 'ਚ ਵਾਹਨ ਚਾਲਕ ਸੁਖਦੇਵ ਸਿੰਘ ਨੂੰ ਕਾਫੀ ਦੂਰ ਤੱਕ ਘੜੀਸਦਾ ਲੈ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਹਾਦਸੇ ਬਾਅਦ ਵਾਹਨ ਚਾਲਕ ਮੌਕੇ ਤੇ ਰੁਕਣ ਦੀ ਬਜਾਏ ਫ਼ਰਾਰ ਹੋ ਗਿਆ। ਹਾਦਸੇ ਵਾਲੀ ਥਾਂ ਇਕੱਠੇ ਹੋਏ ਰਾਹਗੀਰਾਂ ਤੋਂ ਸੂਚਨਾ ਮਿਲਣ ਦੇ ਬਾਅਦ ਪੁਲਿਸ ਚੌਂਕੀ ਕੋਟਾਂ ਤੋਂ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ।

ਦੂਜੇ ਪਾਸੇ, ਹਾਦਸੇ ਸਬੰਧੀ ਪੁਲਿਸ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਕਾਰ ਡਰਾਈਵਰ ਸੁਖਦੇਵ ਸਿੰਘ ਦੇ ਲੜਕੇ ਦੇ ਬਿਆਨ ਦਰਜ ਕਰਕੇ ਮੌਕੇ ਤੋਂ ਫ਼ਰਾਰ ਹੋਏ ਅਣਪਛਾਤੇ ਵਾਹਨ ਦੇ ਅਣਜਾਣ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਸਬੰਧੀ ਕਾਰਵਾਈ ਕਰਦੇ ਹੋਏ ਸਵੇਰੇ ਹਸਪਤਾਲ ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਕਾਰ ਡਰਾਈਵਰ ਨੂੰ ਕੁਚਲਣ ਵਾਲੇ ਵਾਹਨ ਦੇ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।