ਕਿਤੇ ਕੋਈ ਘਾਲਾ-ਮਾਲਾ ਤਾਂ ਨਹੀਂ ਕਰਨਾ ਚਾਹੁੰਦੀ ਪੰਜਾਬ ਪੁਲਿਸ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 16:33
Reading time: 2 mins, 59 secs

ਬੀਤੇ ਕੱਲ੍ਹ ਪਿੰਡ ਸ਼ੇਰਖਾਂ ਵਿਖੇ ਥਾਣਾ ਘੱਲ ਖੁਰਦ ਪੁਲਿਸ 'ਤੇ ਕੁਝ ਸਮਗਲਰਾਂ ਦੇ ਵੱਲੋਂ ਹਮਲਾ ਕਰਕੇ ਇੱਕ ਪੁਲਿਸ ਵਾਲੇ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਪੁਲਿਸ ਦੇ ਵੱਲੋਂ ਬੀਤੇ ਕੱਲ੍ਹ ਦੋ ਸਮਗਲਰਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ ਇੱਕ 'ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਦਿਆਂ ਹੋਇਆ ਉਸ ਦੇ ਕਬਜ਼ੇ ਵਿੱਚੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਦੱਸ ਦਈਏ ਕਿ ਜੋ ਕੱਲ੍ਹ 'ਨਿਊਜ਼ਨੰਬਰ' ਨੂੰ ਪੁਲਿਸ ਵਿਭਾਗ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ।

ਉਸ ਮੁਤਾਬਿਕ ਘੱਲ ਖੁਰਦ ਪੁਲਿਸ ਨੂੰ ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਸਥਿਤ ਪਿੰਡ ਸ਼ੇਰਖਾਂ ਵਿਖੇ ਕੁਝ ਸਮਗਲਰਾਂ ਦੇ ਛੁਪੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਪੁਲਿਸ ਨੂੰ ਸੂਚਨਾ ਮਿਲਦਿਆਂ ਸਾਰ ਹੀ ਪਿੰਡ ਸ਼ੇਰਖਾਂ ਵਿਖੇ ਸਮਗਲਰਾਂ 'ਤੇ ਛਾਪੇਮਾਰੀ ਕਰਨ ਜਦੋਂ ਥਾਣਾ ਘੱਲ ਖੁਰਦ ਦੀ ਪੁਲਿਸ ਪਹੁੰਚੀ ਤਾਂ ਪੁਲਿਸ ਅਤੇ ਸਮਗਲਰਾਂ ਦੇ ਵਿੱਚਾਲੇ ਮੁੱਠਭੇੜ ਹੋ ਗਈ। ਸੂਤਰ ਦੱਸਦੇ ਹਨ ਕਿ ਸਮਗਲਰਾਂ ਅਤੇ ਪੁਲਿਸ ਵਿੱਚਾਲੇ ਹੋਈ ਮੁੱਠਭੇੜ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ, ਜਿਸ ਦੇ ਸਿਰ ਵਿੱਚ ਪੱਥਰ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਸੀ।

ਦੱਸ ਦਈਏ ਕਿ ਕਾਫੀ ਜੱਦੋ ਜ਼ਹਿਦ ਤੋਂ ਬਾਅਦ ਪੁਲਿਸ ਦੇ ਵੱਲੋਂ ਦੋ ਸਮਗਲਰਾਂ ਨੂੰ ਖੇਤਾਂ ਦੇ ਵਿੱਚੋਂ ਕਾਬੂ ਕੀਤਾ ਗਿਆ ਸੀ, ਜਦਕਿ ਇੱਕ ਸਮਗਲਰ ਭੱਜਣ ਵਿੱਚ ਸਫਲ ਹੋ ਗਿਆ ਸੀ। ਪਰ.!! ਦੋਸਤੋਂ, ਅੱਜ ਉਸ ਵੇਲੇ ਬੜੀ ਹੈਰਾਨੀ ਹੋਈ, ਜਦੋਂ ਪੁਲਿਸ ਵਿਭਾਗ ਫਿਰੋਜ਼ਪੁਰ ਦੇ ਵੱਲੋਂ ਰੋਜ਼ਾਨਾ ਦੀ ਜਾਰੀ ਹੁੰਦੀ 'ਕ੍ਰਾਈਮ ਰਿਪੋਰਟ' ਦੇ ਵਿੱਚ ਇੱਕ ਸਮਗਲਰ ਹੀ ਘੱਲ ਖੁਰਦ ਪੁਲਿਸ ਦੇ ਵੱਲੋਂ ਕਾਬੂ ਕੀਤਾ ਵਿਖਾਇਆ ਗਿਆ, ਜਦਕਿ ਦੂਜਾ ਸਮਗਲਰ ਹੁਣ ਤੱਕ ਪੁਲਿਸ ਦੇ ਵੱਲੋਂ ਐਫ.ਆਈ.ਆਰ. ਦੇ ਵਿੱਚ ਵਿਖਾਇਆ ਨਹੀਂ ਗਿਆ।

ਵੇਖਿਆ ਜਾਵੇ ਤਾਂ ਪੁਲਿਸ ਦੇ ਵੱਲੋਂ ਕੀਤੀ ਗਈ ਸਮਗਲਰ ਦੀ ਅਦਲਾ-ਬਦਲੀ ਜਾਂ ਫਿਰ ਇਹ ਕਹਿ ਲਓ ਕਿ ਦਾਲ ਦੇ ਵਿੱਚ ਕੁਝ ਕਾਲਾ ਜ਼ਰੂਰ ਹੈ, ਜਾਂ ਫਿਰ ਪੂਰੀ ਦਾਲ ਹੀ ਕਾਲੀ ਹੋ ਸਕਦੀ ਹੈ। ਪੁਲਿਸ 'ਤੇ ਸਰਕਾਰ ਦੇ ਵੱਲੋਂ ਪਾਏ ਜਾ ਰਹੇ ਦਬਾਅ ਦੇ ਚੱਲਦਿਆਂ ਹੋਇਆ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਫੜਣ ਦੀ ਮੁਹਿੰਮ ਤੇਜ਼ ਕੀਤੀ ਹੋਈ ਹੈ, ਪਰ ਪੁਲਿਸ ਇਹ ਦੱਸਣ ਤੋਂ ਪਤਾ ਨਹੀਂ ਕਿਉਂ ਡਰ ਰਹੀ ਹੈ ਕਿ ਕਿੰਨੇ ਸਮਗਲਰ ਹੁਣ ਤੱਕ ਫੜੇ ਗਏ। ਕੱਲ੍ਹ ਵਾਲੇ ਮਾਮਲੇ ਵਿੱਚ ਵੀ ਪੁਲਿਸ ਦੇ ਵੱਲੋਂ ਸਹੀ ਜਾਣਕਾਰੀ ਮੀਡੀਆ ਮੂਹਰੇ ਨਹੀਂ ਰੱਖੀ ਜਾ ਰਹੀ।

ਦੋਸਤੋਂ, ਜੇਕਰ ਆਪਾ ਪੰਜਾਬ ਪੁਲਿਸ ਵਿਭਾਗ ਫਿਰੋਜ਼ਪੁਰ ਦੇ ਵੱਲੋਂ ਜਾਰੀ ਹੁੰਦੀ ਕ੍ਰਾਈਮ ਰਿਪੋਰਟ ਵਿੱਚ ਘੱਲ ਖੁਰਦ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਮਾਮਲੇ 'ਤੇ ਨਿਗਾਹ ਮਾਰੀਏ ਤਾਂ ਉਸ ਦੇ ਮੁਤਾਬਿਕ ਘੱਲ ਖੁਰਦ ਪੁਲਿਸ ਨੇ ਇੱਕ ਸਮਗਲਰ ਹੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਦੇ ਸਮੇਤ ਨਾਕੇਬੰਦੀ ਦੇ ਦੌਰਾਨ ਪਿੰਡ ਸੋਢੀ ਨਗਰ ਦੇ ਪੁਲ ਸੂਆ ਨਹਿਰ ਤੋਂ ਕਾਬੂ ਕੀਤਾ ਹੋਇਆ ਵਿਖਾਇਆ ਗਿਆ ਹੈ। ਭਾਵੇਂ ਹੀ ਪੁਲਿਸ ਦੇ ਵੱਲੋਂ ਉਕਤ ਸਮਗਲਰ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਪਰ!! ਦੂਜੇ ਸਮਗਲਰ ਦੇ ਬਾਰੇ ਵਿੱਚ ਜ਼ਿਕਰ ਨਹੀਂ ਕੀਤਾ ਜਾ ਰਿਹਾ, ਜੋ ਕੱਲ੍ਹ ਕਾਬੂ ਕੀਤਾ।

ਦਰਜ਼ ਮਾਮਲੇ ਮੁਤਾਬਿਕ ਥਾਣਾ ਘੱਲ ਖੁਰਦ ਦੇ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਸੋਢੀ ਨਗਰ ਦੇ ਪੁਲ ਸੂਆ ਨਹਿਰ 'ਤੇ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਸ਼ੱਕ ਦੇ ਤਹਿਤ ਇੱਕ ਵਿਅਕਤੀ ਨੂੰ ਰੋਕਿਆ ਗਿਆ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਉਕਤ ਵਿਅਕਤੀ ਦੇ ਕਬਜ਼ੇ ਵਿੱਚੋਂ 30 ਗ੍ਰਾਮ ਹੈਰੋਇਨ ਤੋਂ ਇਲਾਵਾ 1000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਸਮਗਲਰ ਦੀ ਪਛਾਣ ਸੁਭਾਸ਼ ਉਰਫ ਟੋਨੀ ਪੁੱਤਰ ਬਲਵੀਰ ਸਿੰਘ ਵਾਸੀ ਨੇੜੇ ਵਾਲਮੀਕ ਮੰਦਰ ਪਿੰਡ ਸ਼ੇਰਖਾਂ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਸੁਭਾਸ਼ ਉਰਫ ਟੋਨੀ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਕਿਰਪਾਲ ਸਿੰਘ ਨੇ 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਵੱਲੋਂ ਇੱਕ ਸਮਗਲਰ ਫੜਿਆ ਗਿਆ ਹੈ, ਬਾਕੀ ਸਮਗਲਰ ਦੀ ਭਾਲ ਜਾਰੀ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ ਇਸ ਮਾਮਲੇ ਦੇ ਵਿੱਚ ਕੀ 'ਸੱਪ' ਕੱਢਦੀ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।