ਬੱਚੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ

Last Updated: Jun 16 2019 16:04
Reading time: 0 mins, 34 secs

ਬਠਿੰਡਾ ਜ਼ਿਲ੍ਹਾ ਅਪਰਾਧ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਇਨਸਾਨ ਦੀ ਜਾਨ ਅਪਰਾਧਿਕ ਬਿਰਤੀ ਵਾਲੇ ਲੋਕ ਲੈ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬਸ ਦੇਖ ਰਿਹਾ ਹੈ। ਬੀਤੇ ਦਿਨ ਵੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੈਲੇਬਾਂਦਰ ਵਿੱਚੋਂ ਲੰਘਦੇ ਰਜਬਾਹੇ ਵਿੱਚੋਂ ਇੱਕ ਬੱਚੀ ਦੀ ਲਾਸ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਨੇ ਇਸ ਲਾਸ਼ ਨੂੰ ਰਜਬਾਹੇ ਵਿੱਚੋਂ ਕੱਢਿਆ। ਸਹਾਰਾ ਵਰਕਰਾਂ ਵੱਲੋਂ ਇਸ ਬੱਚੀ ਦੀ ਉਮਰ ਕਰੀਬ 5 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮਿਲਦਿਆਂ ਹੀ ਥਾਣਾ ਕੋਟ ਸ਼ਮੀਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ਨਾਖ਼ਤ ਕਰਨ ਲਈ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਹੈ।