ਕੇਂਦਰ ਵਿੱਚ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਨਮੋਸੀਜ਼ਨਕ ਹਾਰ ਤੋਂ ਕੀ ਸਿੱਖਿਆ ਕੁਝ ਜਾਂ...? (ਭਾਗ-3)

Last Updated: Jun 16 2019 15:44
Reading time: 2 mins, 25 secs

ਬੀਤੇ ਕੱਲ ਅਸੀਂ ਇਸ ਕੜੀ ਤਹਿਤ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਕੀ ਕਾਰਨ ਸਨ ਕਾਂਗਰਸ ਦੀ ਹਾਰ ਦੇ ਤੇ ਅੱਜ ਅਸੀਂ ਤੁਹਾਨੂੰ ਪੰਜਾਬ ਵਿੱਚ ਕਾਂਗਰਸ ਦੀ 8 ਸੀਟਾਂ ਤੇ ਹੋਈ ਜਿੱਤ ਬਾਰੇ ਦੱਸਾਂਗੇ ਅਤੇ ਇਸਦੇ ਨਾਲ ਹੀ ਜੋ ਚਰਚਾਵਾਂ ਤੇ ਵਰਕਰਾਂ ਦੀ ਰਾਇ ਲਈ ਗਈ ਹੈ ਲੀਡਰਸ਼ਿਪ ਦੇ ਸਬੰਧ ਵਿੱਚ ਉਸ ਬਾਰੇ ਵੀ ਦੱਸਾਂਗੇ।

ਪਾਰਟੀ ਦੀ ਮੁੜ ਸੁਰਜੀਤੀ ਲਈ ਪ੍ਰਦੇਸ਼ ਇੰਚਾਰਜ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਫਿਕਸ:- ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਕਈ ਵਰਕਰਾਂ ਅਤੇ ਲੀਡਰਾਂ ਦਾ ਵੀ ਇਹੀ ਸੋਚਣਾ ਅਤੇ ਕਹਿਣਾ ਹੈ ਕਿ ਜਿੰਨਾ ਦੇਰ ਤੱਕ ਸੂਬਿਆਂ ਵਿੱਚਲੇ ਪਾਰਟੀ ਦੇ ਇੰਚਾਰਜ ਜਾਂ ਲੀਡਰਸ਼ਿਪ ਨੂੰ ਪਾਰਟੀ ਦੀ ਜਿੱਤ ਹਾਰ ਦਾ ਜ਼ਿੰਮੇਵਾਰ ਨਹੀਂ ਬਣਾਇਆ ਜਾਵੇਗਾ ਓਨੀ ਦੇਰ ਤੱਕ ਪਾਰਟੀ ਦੀ ਸਥਿਤੀ ਨਹੀਂ ਸੁਧਰ ਸਕੇਗੀ। ਕਿਉਂਕਿ ਕਈ ਵਾਰ ਅਜਿਹੇ ਇਲਜ਼ਾਮ ਲੱਗਦੇ ਰਹੇ ਹਨ ਕਿ ਪ੍ਰਦੇਸ਼ ਦੇ ਇੰਚਾਰਜ, ਪ੍ਰਧਾਨ ਜਾਂ ਹੋਰ ਸੀਨੀਅਰ ਲੀਡਰਸ਼ਿੱਪ ਜਿੱਥੇ ਆਪਣੇ ਆਪਣੇ ਚਹੇਤਿਆਂ ਦੇ ਹੱਕ ਵਿੱਚ ਭੁਗਤਦੀ ਰਹਿੰਦੀ ਹੈ ਜਿਸ ਕਰਕੇ ਆਮ ਵਰਕਰ ਦਾ ਹੱਕ ਮਾਰਿਆ ਜਾਂਦਾ ਹੈ। ਸੂਚਨਾਵਾਂ ਤਾਂ ਇਹ ਵੀ ਪ੍ਰਾਪਤ ਹੋ ਰਹੀਆਂ ਹਨ ਕਿ ਕਈ ਸੀਨੀਅਰ ਆਗੂਆਂ ਵੱਲੋਂ ਵਰਕਰਾਂ ਨੂੰ ਸਰਕਾਰ ਵਿੱਚ ਕੋਈ ਨਾ ਕੋਈ ਅਹੁਦਾ ਦਿਵਾਉਣ ਲਈ ਵੀ ਸੌਦੇਬਾਜ਼ੀ ਕੀਤੀ ਜਾਂਦੀ ਹੈ ਜਿਸ ਕਰਕੇ ਕਈ ਵਾਰ ਪਾਰਟੀ ਦੇ ਸੁਹਿਰਦ ਅਤੇ ਡਿਜ਼ਰਵ ਕਰਦੇ ਵਰਕਰ ਪਿਛਾਂਹ ਹੀ ਰਹਿ ਜਾਂਦੇ ਹਨ ਤੇ ਦੂਸਰੇ ਚਾਪਲੂਸ ਕਿਸਮ ਦੇ ਵਰਕਰ ਆਪਣੇ ਪੈਸੇ ਦੇ ਬਲਬੂਤੇ ਤੇ ਅਗਾਂਹ ਨਿਕਲ ਜਾਂਦੇ ਹਨ। ਇਸ ਲਈ ਹੁਣ ਕਾਂਗਰਸ ਨੂੰ ਆਪਣੀ ਹਾਰ ਦਾ ਚੰਗੀ ਤਰ੍ਹਾਂ ਸਮੀਖਣ ਕਰਨਾ ਚਾਹੀਦਾ ਹੈ ਅਤੇ ਪਾਰਟੀ ਲਈ ਸੁਹਿਰਦਤਾ ਰੱਖਣ ਵਾਲੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਵਰਕਰ ਜਿੰਨ੍ਹਾ ਨੂੰ ਪਾਰਟੀ ਦੀ ਰੀਡ ਦੀ ਹੱਡੀ ਮੰਨਿਆ ਜਾਂਦਾ ਹੈ ਨੂੰ ਕੋਈ ਵੀ ਆਗੂ ਅਣਗੌਲਿਆ ਨਾ ਕਰ ਸਕੇ।  

ਪੰਜਾਬ ਵਿੱਚ ਜਿੱਤ ਦੇ ਕਾਰਨ: ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਸਮੁੱਚੇ ਦੇਸ਼ ਵਿੱਚ ਜਿਸ ਤਰ੍ਹਾਂ ਦੀ ਦੁਰਗਤੀ ਕਾਂਗਰਸ ਦੀ ਹੋਈ ਹੈ ਪੰਜਾਬ ਨੇ ਕਾਂਗਰਸ ਦੀ ਇੱਜ਼ਤ ਬਚਾਈ ਰੱਖੀ ਹੈ ਦੇ ਕਈ ਕਾਰਨ ਹਨ ਜਿੰਨ੍ਹਾ ਵਿੱਚ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਚੜਤ ਅਤੇ ਲੋਕਪ੍ਰਿਯਤਾ ਦਾ ਨਤੀਜਾ ਹੈ ਕਿ ਪਾਰਟੀ 13 ਵਿੱਚੋਂ 8 ਸੀਟਾਂ ਤੇ ਜਿੱਤ ਦਰਜ਼ ਕਰਵਾਉਣ ਵਿੱਚ ਕਾਮਯਾਬ ਹੋਈ ਹੈ। ਦੂਸਰਾ ਪ੍ਰਮੁੱਖ ਕਾਰਨ ਕਾਂਗਰਸ ਦੀ ਜਿੱਤ ਦਾ ਇਹ ਹੈ ਕਿ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਜੋ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਹੈ ਪ੍ਰਤੀ ਡਾਹਢਾ ਗੁੱਸਾ ਪਾਇਆ ਜਾ ਰਿਹਾ ਸੀ ਤੇ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਕਾਫੀ ਰੋਸ ਵੀ ਸੀ ਜਿਸ ਕਰੇ ਜ਼ਿਆਦਾਤਰ ਹਲਕਿਆਂ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰਾਂ ਨੂੰ ਮੂੰਹ ਨਹੀਂ ਸੀ ਲਾਇਆ। ਕਾਂਗਰਸ ਪਾਰਟੀ ਦੀ ਜਿੱਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਸੀ ਆਮ ਆਦਮੀ ਪਾਰਟੀ ਦੀ ਆਪਸੀ ਪਾਟੋਧਾਰ। ਜਿਸ ਕਰਕੇ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੋਂ ਵੀ ਉਠਦਾ ਚਲਾ ਗਿਆ ਸੀ। ਇਸ ਤੋਂ ਇਲਾਵਾ ਹੋਰ ਗਰਮ ਖਿਆਲੀਆਂ ਦਾ, ਖਹਿਰਾ ਧੜੇ ਦਾ ਅਤੇ ਟਕਸਾਲੀਆਂ, ਬੈਸਾਂ ਭਰਾਵਾਂ ਦਾ ਇੱਕਜੁੱਟ ਨਾ ਹੋਣ ਕਾਰਨ ਵੀ ਸਾਰਾ ਲਾਂਭਾ ਕਾਂਗਰਸ ਨੂੰ ਹੀ ਮਿਲਿਆ ਸੀ ਕਿਉਂਕਿ ਲੋਕਾਂ ਕੋਲ ਹੋਰ ਕੋਈ ਵੀ ਬਦਲ ਨਹੀਂ ਸੀ ਰਹਿ ਗਿਆ ਕਾਂਗਰਸ ਤੋਂ ਸਿਵਾ। (ਚਲਦਾ)

ਪੜ੍ਹੋ ਭਾਗ ਦੂਜਾ: http://newsnumber.com/news/story/147852

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।