ਰਾਜਸਥਾਨ ਤੋਂ ਆ ਰਿਹਾ ਨਸ਼ੀਲਾ ਪਦਾਰਥ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 13:52
Reading time: 2 mins, 4 secs

ਪੰਜਾਬ 'ਚ ਨਸ਼ੇ ਖ਼ਿਲਾਫ਼ ਸਖ਼ਤੀ ਦੇ ਬਾਵਜੂਦ ਨਸ਼ਾ ਆ ਰਿਹਾ ਹੈ। ਬੇਸ਼ੱਕ ਪੰਜਾਬ ਪੁਲਿਸ ਵੱਲੋਂ ਰਾਜਸਥਾਨ, ਹਰਿਆਣਾ ਦੀ ਸਰਹੱਦ 'ਤੇ ਪੁਲਿਸ ਨਾਕੇ, ਗਸ਼ਤ ਬਰਾਬਰ ਜਾਰੀ ਹੈ ਪਰ ਬਾਵਜੂਦ ਇਸਦੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨਸ਼ੇ ਦੀ ਸਪਲਾਈ ਪੰਜਾਬ 'ਚ ਕਰ ਰਹੇ ਹਨ ਅਤੇ ਇਨ੍ਹਾਂ 'ਚ ਹੁਣ ਮੈਡੀਕਲ ਨਸ਼ਾ ਜ਼ਿਆਦਾ ਹੈ। ਸੂਬਾ ਪੁਲਿਸ ਵੱਲੋਂ 12 ਜੂਨ ਤੋਂ 16 ਜੂਨ ਤੱਕ ਨਸ਼ਾ ਮੁਕਤ ਹਫ਼ਤਾ ਵੀ ਇਸੇ ਲੜੀ ਤਹਿਤ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੁਲਿਸ ਵੱਲੋਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਸੈਮੀਨਾਰਾਂ ਦੇ ਰਾਹੀਂ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਉੱਥੇ ਹੀ ਲੋਕਾਂ ਨੂੰ ਜਾਗਰੂਕ ਕਰਕੇ ਨਸ਼ੇ ਖ਼ਿਲਾਫ਼ ਵਿੱਢੀ ਗਈ ਮੁਹਿੰਮ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਪੁਲਿਸ ਦੀ ਸਖ਼ਤੀ ਕਰਕੇ ਹੁਣ ਨਸ਼ੇ ਦੀ ਸਪਲਾਈ ਕਰਨ ਵਾਲੇ ਆਪਣੇ ਕਰਿੰਦਿਆਂ ਰਾਹੀਂ ਪੰਜਾਬ 'ਚ ਨਸ਼ੇ ਦੀ ਸਪਲਾਈ ਕਰ ਰਹੇ ਹਨ। ਇਸਦੀ ਪੁਸ਼ਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਉਪਮੰਡਲ ਅਬੋਹਰ ਦੇ ਐਸ.ਪੀ ਗੁਰਮੀਤ ਸਿੰਘ ਵੱਲੋਂ ਕੀਤੀ ਗਈ ਹੈ। ਪੁਲਿਸ ਨੂੰ ਵੀ ਇਸਦਾ ਪਤਾ ਹੈ ਕਿ ਰਾਜਸਥਾਨ ਤੇ ਹਰਿਆਣਾ ਤੋਂ ਨਸ਼ੇ ਦੀ ਸਪਲਾਈ ਹੋ ਰਹੀ ਹੈ ਪਰ ਵੱਖਰਾ ਸੂਬਾ ਹੋਣ ਕਰਕੇ ਕਾਰਵਾਈ 'ਚ ਦਿੱਕਤ ਪੇਸ਼ ਆਉਂਦੀ ਹੈ। ਨਸ਼ੇ ਦੇ ਤਾਜ਼ਾ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਥਾਣਾ ਸਿਟੀ 1 ਅਬੋਹਰ ਨੇ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦੇ ਥਾਣਾ ਸਦੁਲਸ਼ਹਿਰ ਦੇ ਪਿੰਡ ਮੋਰਜੰਡ ਖਾਰੀ ਵਾਸੀ ਮਹਾਵੀਰ ਪੁੱਤਰ ਪ੍ਰੇਮ ਚੰਦ ਨੂੰ 1 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਇਸਦੇ ਬਾਰੇ ਪਤਾ ਚੱਲਿਆ ਹੈ ਕਿ ਉਕਤ ਨਾਮਜ਼ਦ ਮੁਲਜ਼ਮ ਅਫ਼ੀਮ ਪੰਜਾਬ ਲੈ ਕੇ ਆ ਰਿਹਾ ਸੀ ਅਤੇ ਅੱਗੇ ਇਸਨੇ ਕਿਸ ਨੂੰ ਸਪਲਾਈ ਕਰਨੀ ਸੀ ਇਸ ਬਾਰੇ ਪੁਲਿਸ ਤਫ਼ਤੀਸ਼ ਕਰ ਰਹੀ ਹੈ। ਇਸੇ ਤਰ੍ਹਾਂ ਬੀਤੇ ਦਿਨ ਅਬੋਹਰ ਪੁਲਿਸ ਨੇ ਵੱਡੀ ਮਾਤਰਾ 'ਚ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਸਨ।

ਅਬੋਹਰ ਦੇ ਐਸ.ਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ 'ਚ ਨਸ਼ੇ ਦੀ ਸਪਲਾਈ ਰਾਜਸਥਾਨ ਅਤੇ ਹਰਿਆਣਾ ਤੋਂ ਹੋ ਰਹੀ ਹੈ ਪਰ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ ਜਿਸਦਾ ਨਤੀਜਾ ਆਏ ਦਿਨ ਹੀ ਨਸ਼ੇ ਨਾਲ ਕਾਬੂ ਕੀਤੇ ਜਾ ਰਹੇ ਵਿਅਕਤੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਨਸ਼ੀਲੇ ਪਦਾਰਥ ਦੀ ਸਪਲਾਈ ਹੋ ਰਹੀ, ਜਿਸ ਬਾਰੇ ਉਨ੍ਹਾਂ ਦੀ ਤਫ਼ਤੀਸ਼ ਜਾਰੀ ਹੈ। ਪੰਜਾਬ ਪੁਲਿਸ ਉੱਥੇ ਬੈਠੇ ਨਸ਼ੇ ਦੇ ਤਸਕਰਾਂ 'ਤੇ ਸਿੱਧੇ ਹੱਥ ਨਹੀਂ ਪਾ ਸਕਦੀ ਅਤੇ ਇਸਦੇ ਬਾਰੇ ਕਈ ਤਰ੍ਹਾਂ ਦੀਆਂ ਕਾਗ਼ਜ਼ੀ ਕਾਰਵਾਈ ਜ਼ਰੂਰੀ ਹੈ, ਇਸਦੇ ਬਾਰੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਵੇਗਾ ਅਤੇ ਉਹ ਆਪਣੇ ਪੱਧਰ 'ਤੇ ਰਾਜਸਥਾਨ 'ਚ ਬੈਠੇ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਬਾਬਤ ਰਾਜਸਥਾਨ ਪੁਲਿਸ ਦੇ ਉੱਚ ਅਫ਼ਸਰਾਂ ਨਾਲ ਰਾਬਤਾ ਕਾਇਮ ਕਰਕੇ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਦੀ ਸਪਲਾਈ ਸੂਬੇ 'ਚ ਨਾ ਪਹੁੰਚ ਸਕੇ ਇਸਦੇ ਲਈ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਅਤੇ ਨਾਕਾਬੰਦੀ ਕੀਤੀ ਹੋਈ ਹੈ।