ਕਿਤੇ ਵੋਟਾਂ ਬਟੋਰਨ ਤੋਂ ਬਾਅਦ ਵਿਦੇਸ਼ੀ ਸੈਰ 'ਤੇ ਤਾਂ ਨਹੀਂ ਨਿਕਲ ਗਏ ਸੁਖਬੀਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 13:17
Reading time: 2 mins, 32 secs

ਪਿਛਲੇ ਮਹੀਨੇ ਭਾਰਤ ਦੇ ਅੰਦਰ ਲੋਕ ਸਭਾ ਚੋਣਾਂ ਹੋਈਆਂ ਅਤੇ ਆਖ਼ਰੀ ਲੜੀ ਦੇ ਤਹਿਤ 19 ਮਈ ਨੂੰ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਈਆਂ, ਜਿਨ੍ਹਾਂ ਦਾ ਨਤੀਜਾ 23 ਮਈ ਨੂੰ ਆ ਗਿਆ। ਭਾਰਤ ਦੇ ਅੰਦਰ ਫਿਰ ਤੋਂ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ, ਜਦੋਂਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਹਾਲ ਮਾੜਾ ਰਿਹਾ। ਪੰਜਾਬ ਦੇ ਅੰਦਰੋਂ ਸਿਰਫ਼ 4 ਸੀਟਾਂ ਹੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੂੰ ਮਿਲੀਆਂ।

ਜਦੋਂਕਿ 8 ਸੀਟਾਂ ਕਾਂਗਰਸ ਅਤੇ ਇੱਕ ਸੀਟ ਆਮ ਆਦਮੀ ਪਾਰਟੀ ਦੇ ਹਿੱਸੇ ਆਈ। ਵੇਖਿਆ ਜਾਵੇ ਤਾਂ ਜਿਹੜੀਆਂ ਤਿਆਰੀਆਂ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀਆਂ ਚੱਲ ਰਹੀਆਂ ਸਨ, ਉਹ ਤਿਆਰੀਆਂ ਮਹਿਜ਼ 4 ਸੀਟਾਂ ਜਿੱਤਣ ਤੱਕ ਹੀ ਸੀਮਤ ਰਹੀਆਂ ਹਨ। ਭਾਜਪਾ ਦੇ ਦੋ ਪ੍ਰਮੁੱਖ ਲੀਡਰਾਂ ਤੋਂ ਇਲਾਵਾ ਬਾਦਲ ਪਰਿਵਾਰ ਦੇ ਦੋ ਮੈਂਬਰ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਕੇ ਸਾਂਸਦ ਬਣ ਗਏ, ਜਿਨ੍ਹਾਂ ਵਿੱਚੋਂ ਬੀਬੀ ਹਰਸਿਮਰਤ ਕੌਰ ਬਾਦਲ ਜੋ ਬਠਿੰਡੇ ਤੋਂ ਜਿੱਤੇ ਅਤੇ ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਜਿੱਤੇ ਹਨ। 

ਦੱਸ ਦਈਏ ਕਿ ਬੀਬੀ ਬਾਦਲ ਨੇ ਤਾਂ ਆਪਣੇ ਬਠਿੰਡਾ ਹਲਕੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ, ਜਦੋਂਕਿ ਸੁਖਬੀਰ ਸਿੰਘ ਬਾਦਲ ਆਪਣੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚੋਂ ਚੋਣ ਜਿੱਤਣ ਤੋਂ ਬਾਅਦ ਧੰਨਵਾਦੀ ਦੌਰਾ ਕਰਨ ਦੀ ਬਿਜਾਏ, ਗਾਇਬ ਹੀ ਹੋ ਗਏ ਹਨ। ਦੂਜੇ ਪਾਸੇ ਸਿਆਸੀ ਮਾਹਿਰਾਂ ਮੁਤਾਬਿਕ ਤਾਂ ਇੰਝ ਲੱਗਦੈ ਜਿਵੇਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਸਾਂਸਦ ਸੁਖਬੀਰ ਸਿੰਘ ਬਾਦਲ ਵੀ ਗਰਮੀ ਦੀਆਂ ਛੁੱਟੀਆਂ ਮਨਾਉਣ ਬਾਹਰਲੇ ਰਾਜ ਜਾਂ ਫਿਰ ਵਿਦੇਸ਼ਾਂ ਦੀ ਸੈਰ ਕਰ ਰਹੇ ਹੋਣ? 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਕੇਂਦਰ ਜਾਂ ਫਿਰ ਪੰਜਾਬ ਦੀ ਸੱਤਾ ਵਿੱਚ ਆਈਆਂ ਹਨ, ਹਰ ਸਰਕਾਰ ਦੇ ਮੰਤਰੀ, ਵਿਧਾਇਕ ਜਾਂ ਫਿਰ ਸਾਂਸਦ ਜਿੱਤਣ ਤੋਂ ਬਾਅਦ ਜਨਤਾ ਦੇ ਵਿੱਚ ਨਹੀਂ ਜਾਂਦੇ। ਕਿਉਂਕਿ ਉਕਤ ਲੀਡਰਾਂ ਨੇ ਕਿਹੜਾ ਜਨਤਾ ਦੇ ਨਾਲ ਕੀਤੇ ਵਾਅਦੇ ਪੂਰੇ ਕਰਨੇ ਹੁੰਦੇ ਹਨ। ਹਰ ਵਾਰ ਹੀ ਜਨਤਾ ਤੋਂ ਅੱਖ ਬਚਾਉਂਦੇ ਹੋਏ ਚੰਡੀਗੜ੍ਹ ਜਾਂ ਫਿਰ ਆਪਣੀ ਦਿੱਲੀ ਵਾਲੀ ਕੋਠੀ ਵੀ ਜਾ ਪਧਾਰਦੇ ਹਨ। ਲੀਡਰਾਂ ਨੂੰ ਸਿਰਫ਼ ਤੇ ਸਿਰਫ਼ ਵੋਟਾਂ ਨਾਲ ਹੀ ਮਤਲਬ ਹੁੰਦਾ ਹੈ, ਹੋਰ ਕੋਈ ਕੰਮ ਨਹੀਂ। 

ਦੱਸ ਦਈਏ ਕਿ ਇੱਥੇ ਕੋਈ ਵਿਧਾਇਕ ਬਣ ਜਾਵੇ ਤਾਂ ਉਹ ਆਪਣੇ ਵੋਟਰਾਂ ਨੂੰ ਭੁੱਲ ਜਾਂਦਾ ਹੈ, ਸੁਖਬੀਰ ਤਾਂ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਹਨ। ਵੇਖਿਆ ਜਾਵੇ ਤਾਂ 'ਨਿਊਜ਼ਨੰਬਰ' ਦੇ ਵੱਲੋਂ ਚੋਣਾਂ ਤੋਂ ਪਹਿਲੋਂ ਹੀ ਇੱਕ ਲੇਖ ਦੇ ਜਰੀਏ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਸੁਖਬੀਰ ਬਾਦਲ ਵੋਟਾਂ ਲੈਣ ਤੋਂ ਬਾਅਦ ਆਪਣੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚੋਂ ਗਾਇਬ ਹੋ ਜਾਵੇਗਾ, ਕਿਉਂਕਿ ਸਾਂਸਦ ਬਨਣ ਤੋਂ ਪਹਿਲੋਂ ਉਹ ਜਲਾਲਾਬਾਦ ਦੇ ਵਿਧਾਇਕ ਸਨ, ਪਰ ਜਲਾਲਾਬਾਦ ਵੀ ਉਹ ਛੇ-ਛੇ ਮਹੀਨੇ ਗੇੜਾ ਹੀ ਨਹੀਂ ਸਨ ਮਾਰਦੇ। 

ਸਾਂਸਦ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚੋਂ ਗਾਇਬ ਹੋ ਜਾਣਾ, ਸਾਬਤ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੁਖਬੀਰ ਵੀ ਘੁਬਾਇਆ ਵਾਂਗ ਸਮੱਸਿਆ ਦਾ ਹੱਲ ਨਹੀਂ ਕਰੇਗਾ। ਜਿੰਨੇ ਵੀ ਵਾਅਦੇ ਸੁਖਬੀਰ ਨੇ ਚੋਣਾਂ ਤੋਂ ਪਹਿਲੋਂ ਫ਼ਿਰੋਜ਼ਪੁਰ ਵਾਸੀਆਂ ਨਾਲ ਕੀਤੇ ਸਨ, ਉਹ ਸਭ ਹਵਾਈ ਹੀ ਸਾਬਤ ਹੋਣਗੇ। ਸਿਆਸੀ ਮਾਹਿਰਾਂ ਮੁਤਾਬਿਕ ਕੋਈ ਵੀ ਪਾਰਟੀ ਹੋਵੇ, ਹਰ ਪਾਰਟੀ ਦਾ ਲੀਡਰ ਵੋਟਾਂ ਬਟੋਰਨ ਤੋਂ ਬਾਅਦ ਗਾਇਬ ਹੋ ਜਾਂਦਾ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਸੁਖਬੀਰ ਬਾਦਲ ਕਦੋਂ ਫ਼ਿਰੋਜ਼ਪੁਰ ਵਾਸੀਆਂ ਦੀਆਂ ਸਮੱਸਿਆਵਾਂ ਸੁਨਣ ਵਾਸਤੇ ਆਉਂਦੇ ਹਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।