ਕਮਲਨਾਥ ਦੀਆਂ ਜੜਾਂ 'ਚ ਬੈਠ ਸਕਦੀ ਹੈ, ਐੱਫ਼.ਆਈ.ਆਰ. ਨੰਬਰ 601/84 !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 13:03
Reading time: 1 min, 21 secs

ਪੂਰੇ 35 ਸਾਲਾਂ ਬਾਅਦ ਸੱਜਣ ਦੀਆਂ ਕਰਤੂਤਾਂ ਦੀ ਸਜਾ ਦਿਲਵਾਉਣ ਦੇ ਬਾਅਦ ਹੁਣ, ਭਾਰਤੀ ਜਨਤਾ ਪਾਰਟੀ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਨਿਸ਼ਾਨਾ ਬਨਾਉਣ ਦਾ ਮਨ ਬਣਾ ਲਿਆ ਹੈ। ਕਮਲਨਾਥ ਦੇ ਖ਼ਿਲਾਫ਼ 1984 ਵਿੱਚ ਦਰਜ ਕੀਤੀ ਗਈ ਐੱਫ਼.ਆਈ.ਆਰ. ਨੰਬਰ 601 ਨੂੰ ਗਠਿਤ ਕੀਤੀ ਗਈ ਤਾਜ਼ਾ ਐੱਸ.ਆਈ.ਟੀ. ਨੇ ਝਾੜਨਾ-ਪੂੰਝਣਾ ਸ਼ੁਰੂ ਕਰ ਦਿੱਤਾ ਹੈ। 

ਸੱਜਣ ਕੁਮਾਰ ਨੂੰ ਉਸਦੀ ਮੰਜ਼ਲ ਤੱਕ ਪਹੁੰਚਾਉਣ ਦੇ ਬਾਅਦ ਕੇਂਦਰ ਸਰਕਾਰ ਨੇ ਕਮਲਨਾਥ ਨੂੰ ਸਜਾ ਦਿਲਵਾਉਣ ਦਾ ਜਿਹੜਾ ਉਪਰਾਲਾ ਕਰਨਾ ਸ਼ੁਰੂ ਕਰ ਦਿੱਤਾ ਹੈ, ਉਸ ਪਿਛਲੇ ਉਸਦਾ ਮਕਸਦ ਭਾਵੇਂ ਕੁਝ ਵੀ ਹੋਵੇ ਪਰ, ਸਿਆਸੀ ਮਾਹਿਰ ਇਸਨੂੰ ਭਾਜਪਾ ਵੱਲੋਂ ਸਿੱਖ ਜਗਤ ਦਾ ਵਿਸ਼ਵਾਸ ਜਿੱਤਣਾ ਮੰਨ ਕੇ ਹੀ ਚੱਲ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ, ਸੱਜਣ ਕੁਮਾਰ ਨੂੰ ਸਜਾ ਦਿਲਵਾਉਣ ਦੇ ਬਾਅਦ ਭਾਜਪਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਨਾਂ ਸ਼ੱਕ ਸਿੱਖਾਂ ਦਾ ਚੋਖਾ ਸਮਰਥਨ ਮਿਲਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਹ ਸਮਰਥਨ ਇਸੇ ਤਰ੍ਹਾਂ ਹੀ ਜਾਰੀ ਰਹੇ ਸ਼ਾਇਦ, ਇਹੀ ਸੋਚ ਕੇ ਭਾਜਪਾ ਨੇ ਕਮਲਨਾਥ ਨੂੰ ਹੱਥ ਪਾਉਣ ਦਾ ਮਨ ਬਣਾ ਲਿਆ ਹੈ। 

ਦੋਸਤੋ, ਸਿਆਸੀ ਮਾਹਿਰ ਵੀ ਮੰਨਦੇ ਹਨ ਕਿ, ਸੱਜਣ ਕੁਮਾਰ ਦੇ ਬਾਅਦ ਕਮਲਨਾਥ ਨੂੰ ਵੀ ਸਲਾਖ਼ਾਂ ਪਿੱਛੇ ਪਹੁੰਚਾ ਕੇ ਭਾਜਪਾ ਇੱਕੋ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦੀ ਫ਼ਿਰਾਕ ਵਿੱਚ ਹੈ। ਮਾਹਿਰਾਂ ਅਨੁਸਾਰ, ਜੇਕਰ ਕਮਲਨਾਥ ਨੂੰ ਸਜਾ ਮਿਲਦੀ ਹੈ ਤਾਂ, ਇਸ ਨਾਲ ਭਾਜਪਾ, ਸਿੱਖ ਜਗਤ ਦਾ ਵਿਸ਼ਵਾਸ ਜਿੱਤਣ ਵਿੱਚ ਤਾਂ ਕਾਮਯਾਬ ਹੋ ਹੀ ਜਾਵੇਗੀ, ਉਹ ਸਿੱਖਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਆਪਣੀ ਵੱਡੀ ਵਿਰੋਧੀ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਚੁਣ-ਚੁਣ ਕੇ ਆਪਣੇ ਰਸਤੇ ਤੋਂ ਲਾਂਭੇ ਕਰਨ ਵਿੱਚ ਵੀ ਕਾਮਯਾਬ ਹੋ ਜਾਵੇਗੀ। ਜੋ ਵੀ ਹੈ ਕਮਲਨਾਥ ਦੀਆਂ ਜੜਾਂ ਵਿੱਚ ਬੈਠ ਸਕਦੀ ਹੈ, ਐੱਫ਼.ਆਈ.ਆਰ. ਨੰਬਰ 601/84।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।