ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਅਤੇ ਪ੍ਰਧਾਨ ਆਪਣੇ ਅਹੁਦੇ ਬਚਾਉਣ ਲਈ ਹੋ ਰਹੇ ਹਨ ਤਰਲੋਮੱਛੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 15 2019 17:26
Reading time: 4 mins, 54 secs

ਪੰਜਾਬ ਪ੍ਰਦੇਸ਼ ਕਾਂਗਰਸ ਜੋ ਲੋਕਸਭਾ ਚੋਣਾ ਦੌਰਾਨ 13 ਦੀਆਂ 13 ਸੀਟਾਂ ਜਿੱਤਣ ਦੇ ਦਮਗਜ਼ੇ ਮਾਰਦੀ ਰਹੀ ਹੈ ਪਰ 5 ਸੀਟਾਂ ਹਾਰ ਜਾਣ ਤੋਂ ਬਾਅਦ ਜਿੱਥੇ ਇਹ ਚਰਚਾਵਾਂ ਜ਼ੋਰਾਂ ਤੇ ਸਨ ਕਿ ਇਸ ਹਾਰ ਦੇ ਮੁੱਖ ਕਾਰਣਾ ਵਿੱਚ ਪ੍ਰਦੇਸ਼ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹਲਕੇ ਵਾਰ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਦਰਕਿਨਾਰ ਕਰਨਾ ਵੀ ਸ਼ਾਮਲ ਹੈ। ਹੁਣ ਜਦਕਿ 5 ਸੀਟਾਂ 'ਤੇ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਇਹ ਸੀਟਾਂ ਉਹ ਹਨ ਜਿੰਨਾ ਬਾਰੇ ਇਹ ਸੁਣਨ ਮਿਲਦਾ ਰਿਹਾ ਹੈ ਕਿ ਇਨ੍ਹਾਂ ਸੀਟਾਂ 'ਤੇ ਜਿੱਤ ਦੀ ਬੜੀ ਹੀ ਹਿੱਕ ਠੋਕ ਕੇ ਜ਼ਿੰਮੇਵਾਰੀ ਲਈ ਜਾਂਦੀ ਰਹੀ ਹੈ ਤੇ ਬਾਕੀ ਸਾਰਿਆ ਨੂੰ ਦਰਕਿਨਾਰ ਕਰਕੇ ਇਨ੍ਹਾਂ ਸੀਟਾਂ ਤੋਂ ਚੋਣ ਹਾਰ ਚੁੱਕੇ ਕਾਂਗਰਸੀਆਂ ਨੂੰ ਸਿਰਫ ਇਸ ਕਰਕੇ ਹੀ ਟਿਕਟਾਂ ਦਿੱਤੀਆਂ ਗਈਆਂ ਸਨ ਕਿਉਂਕਿ ਉਹ ਪ੍ਰਦੇਸ਼ ਦੀ ਇੰਚਾਰਜ ਅਤੇ ਪ੍ਰਧਾਨ ਤੇ ਸਿੱਧੇ ਸੰਪਰਕ ਵਿੱਚ ਸਨ। ਜਿਸ ਕਰਕੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚੋਂ ਲਾਂਭੇ ਕਰ ਦਿੱਤਾ ਗਿਆ ਸੀ।

ਜੇਕਰ ਇੰਨਾ ਸੀਟਾਂ 'ਤੇ ਹਾਰ ਦੇ ਕਾਰਨਾ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਸਚਾਈ ਚਿੱਟੇ ਦਿਨ ਵਾਂਗ ਸਾਹਮਣੇ ਆ ਜਾਵੇਗੀ ਕਿ ਪ੍ਰਦੇਸ਼ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਹਾਈਕਮਾਨ ਨੂੰ ਵੀ ਜ਼ਮੀਨੀ ਹਕੀਕਤ ਦੀ ਰਿਪੋਰਟ ਨਹੀਂ ਸੀ ਭੇਜੀ ਜਿਸ ਦੀ ਕਿ ਪਾਰਟੀ ਦੀ ਦਿੱਲੀ ਹਾਈਕਮਾਨ ਨੂੰ ਸਖ਼ਤ ਜ਼ਰੂਰਤ ਵੀ ਸੀ ਤੇ ਜੋ ਪ੍ਰਦੇਸ਼ ਦੀ ਲੀਡਰਸ਼ਿਪ ਤੇ ਵਿਸ਼ਵਾਸ ਕਰਕੇ ਇਹ ਆਸ ਵੀ ਲਾਈ ਬੈਠੀ ਸੀ, ਕਿ ਇਹ ਜ਼ਿੰਮੇਵਾਰ ਅਹੁਦਿਆਂ 'ਤੇ ਬੈਠਣ ਵਾਲੇ ਸਹੀ ਰਿਪੋਰਟ ਹੀ ਭੇਜਣਗੇ। ਪਰ ਜਿਸ ਤਰ੍ਹਾਂ ਚਰਚਾਵਾਂ ਚਲਦੀਆਂ ਰਹੀਆਂ ਹਨ ਕਿ ਅਸਲ ਤੇ ਜ਼ਮੀਨੀ ਹਕੀਕਤ ਹਾਈਕਮਾਨ ਤੱਕ ਸਹੀ ਤਰੀਕੇ ਨਾਲ ਪਹੁੰਚ ਹੀ ਨਹੀਂ ਸੀ ਸਕੀ ਜਿਸ ਕਰਕੇ ਜਿੱਤ ਦੀ ਸਮਰੱਥਾ ਰੱਖਣ ਵਾਲੇ ਦਾਅਵੇਦਾਰ ਵਿਚਾਰੇ ਹੱਥ ਮਲਦੇ ਹੀ ਰਹਿ ਗਏ ਸਨ ਕਿਉਂਕਿ ਠੰਢੇ ਕਮਰਿਆਂ ਵਿੱਚ ਬਹਿ ਕੇ ਤਾਂ ਪੈਨਲ ਤਿਆਰ ਹੋਏ ਸਨ ਜਿੰਨਾ ਵਿੱਚ ਜਾਣਕਾਰੀ ਮੁਤਾਬਿਕ ਇੱਕ ਇੱਕ ਨਾਂ ਹੀ ਹਾਈਕਮਾਨ ਨੂੰ ਭੇਜਿਆ ਗਿਆ ਸੀ ਤੇ ਉਹ ਵੀ ਸਿਰਫ ਉਸ ਦਾਅਵੇਦਾਰ ਦਾ ਜਿਸ ਨੂੰ ਇਨ੍ਹਾਂ ਨੇ ਟਿਕਟ ਦਿਵਾਉਣੀ ਸੀ। ਹੁਣ ਜਦਕਿ ਪ੍ਰਦੇਸ਼ ਦੀ ਲੀਡਰਸ਼ਿਪ ਆਪਣੇ ਵਾਅਦੇ 'ਤੇ ਖਰੀ ਨਹੀਂ ਉਤਰ ਸਕੀ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਤੋਂ ਸੇਧ ਲੈਂਦਿਆਂ ਆਪਣਾ ਅਸਤੀਫ਼ਾ ਤੁਰੰਤ ਦੇ ਦੇਣ। ਭਾਵੇਂ ਕਿ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਜਾ ਚੁੱਕਿਆ ਹੈ ਪਰ ਹੁਣ ਤਾਜ਼ਾ ਖ਼ਬਰਾਂ ਮਿਲੀਆਂ ਹਨ ਕਿ ਇੰਚਾਰਜ ਅਤੇ ਪ੍ਰਧਾਨ ਆਪਣੀਆਂ ਕੁਰਸੀਆਂ ਬਚਾਉਣ ਲਈ ਤਰਲੋਮੱਛੀ ਹੋ ਰਹੇ ਹਨ ਤੇ ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਦੇ ਹੋਰ ਸੀਨੀਅਰ ਆਗੂਆਂ ਦੇ ਗੇੜੇ ਕੱਟ ਰਹੇ ਹਨ ਕਿ ਉਨ੍ਹਾਂ ਦੇ ਹੱਕ ਵਿੱਚ ਪਾਰਟੀ ਹਾਈਕਮਾਨ ਨੂੰ ਸਿਫ਼ਾਰਿਸ਼ ਕੀਤੀ ਜਾਵੇ। 

ਇੱਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਆਸਾ ਕੁਮਾਰੀ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਹੋਣ ਦੇ ਨਾਤੇ ਅਤੇ ਹਰੀਸ਼ ਚੌਧਰੀ ਸਕੱਤਰ ਹੋਣ ਕਰਕੇ ਪੰਜਾਬ ਵਿੱਚ ਆਪਣੀਆਂ ਚੰਮ ਦੀਆਂ ਚਲਾਉਂਦੇ ਰਹੇ ਹਨ ਉਹ ਆਪਣੇ ਜੱਦੀ ਹਲਕਿਆਂ ਵਿੱਚੋਂ ਬੁਰੀ ਤਰ੍ਹਾਂ ਹਾਰ ਚੁੱਕੇ ਹਨ। ਜੇਕਰ ਆਸਾ ਕੁਮਾਰੀ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਿਕ ਉਹ ਕਾਂਗੜਾ ਲੋਕਸਭਾ ਹਲਕੇ ਦੇ ਆਪਣੇ ਵਿਧਾਨ ਸਭਾ ਹਲਕਾ ਡਲਹੌਜ਼ੀ ਵਿੱਚੋਂ ਵੀ ਬੁਰੀ ਤਰ੍ਹਾਂ ਹਾਰ ਗਈ ਸੀ  ਜਿੱਥੇ ਇਨ੍ਹਾਂ ਤੇ ਬਹੁਤ ਲੰਬੇ ਸਮੇਂ ਤੋਂ ਜਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਵੀ ਲੱਗਦੇ ਰਹੇ ਸਨ ਤੇ ਅਦਾਲਤ ਵੱਲੋਂ ਇਕ ਸਾਲ ਦੀ ਸਜਾ ਹੋਣ ਦੇ ਬਾਵਜੂਦ ਹਾਈਕੋਰਟ ਤੋਂ ਜ਼ਮਾਨਤ ਤੇ ਚੱਲ ਰਹੇ ਹਨ। ਆਸ਼ਾ ਕੁਮਾਰੀ ਦੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਇਨ੍ਹਾਂ ਚੋਣਾ ਵਿੱਚ 28422 ਵੋਟਾਂ ਦੀ ਨਮੋਸ਼ੀਜਨਕ ਹਾਰ ਮਿਲੀ ਹੈ। ਇਸੇ ਤਰ੍ਹਾਂ ਹੀ ਹਰੀਸ਼ ਚੌਧਰੀ ਸਕੱਤਰ ਕੁਲ ਹਿੰਦ ਕਾਂਗਰਸ ਕਮੇਟੀ ਜੋ 2014 ਵਿੱਚ ਰਾਜਸਥਾਨ ਦੇ ਬਾਰਮੇੜ ਹਲਕੇ ਤੋਂ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਚੁੱਕੇ ਹਨ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਸ਼ਰੇਆਮ ਹਰੀਸ਼ ਚੋਧਰੀ ਦੇ ਸਬੰਧ ਵਿੱਚ ਕਿਹਾ ਜਾ ਚੁੱਕਾ ਹੈ ਕਿ ਜ਼ਮਾਨਤ ਜ਼ਬਤ ਕਰਵਾ ਚੁੱਕੇ ਲੀਡਰ ਪਾਰਟੀ ਨੂੰ ਕੀ ਸੇਧ ਦੇਣਗੇ, ਪਰ ਇਸ ਦੇ ਬਾਵਜੂਦ ਹਰੀਸ਼ ਚੌਧਰੀ ਪਾਰਟੀ ਆਲਾਕਮਾਨ ਵਿੱਚ ਆਪਣਾ ਜੁਗਾੜ ਫਿੱਟ ਕਰਨ ਵਿੱਚ ਕਾਮਯਾਬ ਹੋ ਗਏ ਸਨ ਤੇ ਵਿਧਾਨ ਸਭਾ ਦੀਆਂ ਚੋਣਾ ਦੌਰਾਨ ਰਾਜਸਥਾਨ ਦੇ ਬਾਇਤੂ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਸਰਕਾਰ ਵਿੱਚ ਰੈਵੀਨਿਊ ਮੰਤਰੀ ਬਣ ਕੇ ਨਿੱਘ ਮਾਣ ਰਹੇ ਹਨ ਦੀ ਹੁਣ 2019 ਦੀਆਂ ਲੋਕਸਭਾ ਚੋਣਾ ਵਿੱਚ ਬਾਰਮੇੜ ਲੋਕਸਭਾ ਹਲਕੇ ਦੇ ਬਾਇਤੂ ਵਿਧਾਨ ਸਭਾ ਹਲਕੇ ਤੋਂ 63280 ਵੋਟਾਂ ਦੇ ਵੱਡੇ ਫਰਕ ਨਾਲ ਨਮੋਸੀਜਕਨ ਹਾਰ ਹੋਈ ਹੈ ਇਸੇ ਤਰ੍ਹਾਂ ਹੀ ਸੁਨੀਲ ਜਾਖੜ ਜੋ 2014 ਵਿੱਚ ਫ਼ਿਰੋਜ਼ਪੁਰ ਲੋਕਸਭਾ ਹਲਕੇ ਤੋਂ ਚੋਣ ਹਾਰ ਗਏ ਸਨ ਨੂੰ ਮੁੜ 2017 ਵਿੱਚ ਅਬੋਹਰ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲ ਗਈ ਸੀ, ਪਰ ਜਾਖੜ ਨੂੰ ਇਸ ਚੋਣ ਦੌਰਾਨ ਨਗਰ ਕੌਂਸਲ ਦੇ ਇੱਕ ਕੌਂਸਲਰ ਕੋਲੋਂ ਨਮੋਸੀਜਕਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਹੁਣ ਇੱਕ ਵਾਰ ਫੇਰ 2019 ਦੀਆਂ ਚੋਣਾ ਵਿੱਚ ਅਬੋਹਰ ਵਿਧਾਨ ਸਭਾ ਹਲਕੇ ਵਿੱਚੋਂ 26000 ਦੇ ਕਰੀਬ ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸੀ ਉਮੀਦਵਾਰ ਨਮੋਸੀਜਨਕ ਤਰੀਕੇ ਨਾਲ ਹਾਰਿਆ ਹੈ। ਇਸ ਲਈ ਜੇਕਰ ਪ੍ਰਦੇਸ਼ ਦੇ ਇੰਚਾਰਜਾਂ ਅਤੇ ਪ੍ਰਦੇਸ਼ ਦੇ ਪ੍ਰਧਾਨ ਵੱਲੋਂ ਆਪਣੇ ਜੱਦੀ ਵਿਧਾਨ ਸਭਾ ਹਲਕਿਆਂ ਵਿੱਚ ਨਾਕਸ ਕਾਰਗੁਜ਼ਾਰੀ ਹੋਣ ਕਾਰਨ ਉਹ ਫੇਰ ਅਜਿਹੇ ਮਾਣਮੱਤੇ ਵੱਡੇ ਅਹੁਦਿਆਂ 'ਤੇ ਬੈਠੇ ਰਹਿਣ ਦਾ ਜਿੱਥੇ ਨੈਤਿਕ ਆਧਾਰ ਗੁਆ ਚੁੱਕੇ ਹਨ ਉੱਥੇ ਨਿਜੀ ਸਵਾਰਥੀ ਹਿੱਤਾ ਦੀ ਪੂਰਤੀ ਲਈ ਦਰ ਦਰ ਤੇ ਲੀਡਰਾਂ ਦੀਆਂ  ਸਿਫ਼ਾਰਿਸ਼ਾਂ ਆਪਣੇ ਹੱਕ ਵਿੱਚ ਕਰਵਾਉਣ ਲਈ ਤਰਲੋਮੱਛੀ ਹੋ ਰਹੇ ਹਨ। ਪਾਰਟੀ ਦੀ ਹਾਰ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਫਿਕਸ ਹੋਣ ਲਈ ਵੀ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।   ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਲੀਡਰਾਂ ਅਤੇ ਵਰਕਰਾਂ ਦਾ ਮੰਨਣਾ ਹੈ ਕਿ ਜਿੰਨਾ ਚਿਰ ਤੱਕ ਪ੍ਰਦੇਸ਼ ਦੇ ਇੰਚਾਰਜ ਜਾਂ ਲੀਡਰਸ਼ਿਪ ਨੂੰ ਪਾਰਟੀ ਦੀ ਜਿੱਤ ਹਾਰ ਦਾ ਜ਼ਿੰਮੇਵਾਰ ਨਹੀਂ ਬਣਾਇਆ ਜਾਵੇਗਾ ਓਨੀ ਦੇਰ ਤੱਕ ਪਾਰਟੀ ਦੀ ਸਥਿਤੀ ਨਹੀਂ ਸੁਧਰ ਸਕੇਗੀ। ਕਿਉਂਕਿ ਇਹ ਵੀ ਇਲਜ਼ਾਮ ਲੱਗਦੇ ਰਹੇ ਹਨ ਕਿ ਪ੍ਰਦੇਸ਼ ਦੇ ਇੰਚਾਰਜ, ਪ੍ਰਧਾਨ ਜਾਂ ਹੋਰ ਸੀਨੀਅਰ ਲੀਡਰਸ਼ਿਪ ਜਿੱਥੇ ਆਪਣੇ ਆਪਣੇ ਚਹੇਤਿਆਂ ਨੂੰ ਹੀ ਪਰਮੋਟ ਕਰਨ ਵਿੱਚ ਲੱਗੀ ਰਹਿੰਦੀ ਹੈ ਤੇ ਕਈ ਵਾਰ ਤਾਂ ਮੋਟੇ ਗੱਫਿਆਂ ਦਾ ਲਾਲਚ ਵੀ ਸੀਨੀਅਰ ਲੀਡਰਸ਼ਿਪ ਦਾ ਧਿਆਨ ਹੀ ਪਾਰਟੀ ਦੇ ਸੁਹਿਰਦ ਵਰਕਰਾਂ ਵੱਲ ਨਹੀਂ ਜਾਣ ਦਿੰਦਾ ਅਜਿਹੀਆਂ ਵੀ ਸੂਚਨਾਵਾਂ ਮਿਲੀਆਂ ਹਨ। 

ਸੂਚਨਾਵਾਂ ਤਾਂ ਇਹ ਵੀ ਪ੍ਰਾਪਤ ਹੋ ਰਹੀਆਂ ਹਨ ਕਿ ਕਈ ਸੀਨੀਅਰ ਆਗੂਆਂ ਵੱਲੋਂ ਵਰਕਰਾਂ ਨੂੰ ਸਰਕਾਰ ਵਿੱਚ ਕੋਈ ਨਾ ਕੋਈ ਅਹੁਦਾ ਦਿਵਾਉਣ ਲਈ ਵੀ ਆਪਣੀ ਚੁੰਝ ਹਰੀ ਕੀਤੀ ਜਾਂਦੀ ਹੈ ਜਿਸ ਕਰਕੇ ਕਈ ਵਾਰ ਪਾਰਟੀ ਦੇ ਸੁਹਿਰਦ ਅਤੇ ਡਿਜ਼ਰਵ ਕਰਦੇ ਵਰਕਰ ਪਿਛਾਂਹ ਹੀ ਰਹਿ ਜਾਂਦੇ ਹਨ ਤੇ ਦੂਸਰੇ ਚਾਪਲੂਸ ਕਿਸਮ ਦੇ ਵਰਕਰ ਆਪਣੇ ਪੈਸੇ ਦੇ ਬਲਬੂਤੇ ਤੇ ਅਗਾਂਹ ਨਿਕਲ ਜਾਂਦੇ ਹਨ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੀ ਮੁੜ ਸ਼ਾਖ਼ ਬਹਾਲ ਨਾ ਹੋ ਸਕੇ ਕਿਉਂਕਿ ਇਸ ਵਾਰ ਕਾਂਗਰਸ ਪਾਰਟੀ ਜਿਸ ਤਰ੍ਹਾਂ ਆਸਮਾਨ ਤੋਂ ਸਿੱਧੀ ਧਰਾਤਲ ਤੇ ਆਣ ਡਿੱਗੀ ਹੈ ਤੇ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜੱਦੋ ਇਹ ਪਾਰਟੀ ਪਾਤਾਲ ਵਿੱਚ ਧੱਸ ਜਾਵੇਗੀ।