ਸਦਰ ਪੁਲਿਸ ਨੇ ਸ਼ਰਾਬ ਤਸਕਰਾਂ 'ਤੇ ਕੀਤੀ ਵੱਡੀ ਕਾਰਵਾਈ !!!

Last Updated: Jun 15 2019 15:29
Reading time: 1 min, 13 secs

ਸਦਰ ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਹਮੇਸ਼ਾ ਹੀ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ ਅਤੇ ਬੀਤੇ ਦਿਨ ਵੀ ਕਰੀਬ ਡੇਢ ਸੌ ਬੋਤਲ ਨਜਾਇਜ਼ ਸ਼ਰਾਬ ਬਰਾਮਦ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂਕਿ ਇੱਕ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਮੁਤਾਬਿਕ ਉਕਤ ਦੋਵੇਂ ਵਿਅਕਤੀਆਂ ਦੇ ਵਿਰੁੱਧ ਮਾਮਲੇ ਦਰਜ ਕਰ ਲਏ ਗਏ ਹਨ। ਥਾਣਾ ਸਦਰ ਫ਼ਿਰੋਜ਼ਪੁਰ ਦੇ ਹੌਲਦਾਰ ਅਯੂਬ ਮਸੀਹ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਗੱਟੀ ਰਾਜੋ ਕੇ ਵਿਖੇ ਮੌਜੂਦ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਓਮ ਸਿੰਘ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ ਅਤੇ ਹੁਣ ਵੀ ਉਕਤ ਵਿਅਕਤੀ ਸ਼ਰਾਬ ਵੇਚਣ ਲਈ ਜਾ ਰਿਹਾ ਹੈ।

ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਸੂਚਨਾ ਮਿਲਦਿਆਂ ਸਾਰ ਜਦੋਂ ਮਧਰੇ ਫਾਟਕ ਲਾਗੇ ਨਾਕੇਬੰਦੀ ਕੀਤੀ ਗਈ ਤਾਂ ਉਕਤ ਓਮ ਸਿੰਘ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਅਤੇ 80 ਬੋਤਲਾਂ ਨਜਾਇਜ਼ ਸ਼ਰਾਬ ਸੁੱਟ ਕੇ ਫ਼ਰਾਰ ਹੋ ਗਿਆ। ਪੁਲਿਸ ਮੁਤਾਬਿਕ ਉਕਤ ਓਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਗੱਟੀ ਰਾਜੋ ਕੇ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਹੀ ਥਾਣੇ ਦੇ ਹੌਲਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ਖੁਸਹਾਲ ਸਿੰਘ ਵਾਲਾ ਰੱਖੜੀ ਵਿਖੇ ਰੇਡ ਕੀਤੀ ਗਈ ਤਾਂ ਉੱਥੋਂ ਇੱਕ ਵਿਅਕਤੀ ਨੂੰ 55 ਸ਼ਰਾਬ ਦੀਆਂ ਨਜਾਇਜ਼ ਬੋਤਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਤਾਬਿਕ ਫੜੇ ਗਏ ਵਿਅਕਤੀ ਦੀ ਪਛਾਣ ਸੋਨੂੰ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਖ਼ੁਸ਼ਹਾਲ ਸਿੰਘ ਵਾਲਾ ਰੱਖੜੀ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।