ਫਿਰੌਤੀ ਮੰਗਣ ਵਾਲੇ ਮਾਮਲੇ 'ਚ ਫੋਨ ਦੇ ਮਾਲਕ ਦੀ ਹੋਈ ਪਹਿਚਾਣ, ਫ਼ਰਾਰ

Last Updated: Jun 15 2019 14:34
Reading time: 1 min, 47 secs

ਅਬੋਹਰ ਦੇ ਨਾਮੀ ਕੱਪੜਾ ਵਪਾਰੀ ਨੂੰ ਫਿਰੌਤੀ ਦੇ ਆਏ ਫੋਨ ਕਾਲ ਮਾਮਲੇ 'ਚ ਪੁਲਿਸ ਉਸ ਫੋਨ ਤੱਕ ਪਹੁੰਚ ਗਈ ਹੈ ਜਿਸਤੋਂ ਇਹ ਕਾਲ ਆਈ ਸੀ ਅਤੇ 5 ਲੱਖ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਦਾ ਦਾਅਵਾ ਹੈ ਕਿ ਫੋਨ ਦੇ ਮਾਲਕ ਦਾ ਪਤਾ ਚੱਲ ਚੁੱਕਿਆ ਹੈ ਪਰ ਨੌਜਵਾਨ ਫ਼ਰਾਰ ਹੈ ਜਿਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੀ ਗਲੀ ਨੰਬਰ 12 ਵਿਖੇ ਮਸ਼ਹੂਰ ਕੱਪੜਿਆਂ ਦੀ ਦੁਕਾਨ ਖ਼ਰੈਤੀ ਦੀ ਹੱਟੀ ਦੇ ਮਾਲਕ ਨੂੰ ਕਿਸੇ ਭੁੱਲਰ ਨਾਂਅ ਦੇ ਵਿਅਕਤੀ 'ਤੇ ਉਸ ਨੂੰ ਧਮਕੀ ਭਰਿਆ ਫੋਨ ਕਰਕੇ 5 ਲੱਖ ਰੁਪਏ ਮੰਗਣ ਦੇ ਇਲਜ਼ਾਮ ਲਾਏ ਸਨ। ਅਬੋਹਰ ਦੀ ਨਗਰ ਥਾਣਾ ਨੰਬਰ 1 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ 'ਤੇ ਅਧੀਨ ਧਾਰਾ 384, 506, 511 ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਜਾਣਕਾਰੀ ਮੁਤਾਬਿਕ ਸੂਰਜ ਨਗਰੀ ਵਾਸੀ ਵਿਸ਼ਾਲ ਖੁਰਾਨਾ ਪੁੱਤਰ ਖ਼ਰੈਤੀ ਲਾਲ ਨੇ ਦੱਸਿਆ ਕਿ ਉਹ 5 ਜੂਨ ਆਪਣੀ ਦੁਕਾਨ ਖ਼ਰੈਤੀ ਦੀ ਹੱਟੀ ਸਦਰ ਬਜ਼ਾਰ ਨੰਬਰ 12 ਵਿਖੇ ਬੈਠਾ ਸੀ। ਉਸ ਨੂੰ ਲੈਂਡਲਾਈਨ ਫੋਨ 'ਤੇ ਇੱਕ ਫੋਨ ਆਇਆ ਜਿਸ ਨੇ ਕਿਹਾ ਕਿ 'ਮੈਂ ਭੁੱਲਰ ਬੋਲਦਾ ਹਾਂ ਤਾਂ ਉਸ ਨੇ ਕਿਹਾ ਕਿ ਕਿਹੜਾ ਭੁੱਲਰ ? ਉਸ ਨੇ ਕਿਹਾ ਕਿ ਤੂੰ ਆਪੇ ਜਾਣ ਜਾਵੇਗਾ ਤੂੰ ਇੰਝ ਕਰ 5 ਲੱਖ ਰੁਪਏ ਜੰਮੂ ਬਸਤੀ ਵਿਖੇ ਗੈੱਸ ਗਡਾਉਣ ਕੋਲ ਲੈ ਕੇ ਆ ਜਾ । ਜੇਕਰ ਪੁਲਿਸ ਨੂੰ ਦੱਸਿਆ ਤਾਂ ਦੁਸ਼ਮਣੀ ਪੈ ਜਾਵੇਗੀ।' ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾ 'ਤੇ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਸ ਬਾਰੇ ਅਬੋਹਰ ਦੇ ਐਸ.ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਉਸ ਫੋਨ ਸਬੰਧੀ ਜਾਣਕਾਰੀ ਇਕੱਤਰ ਕਰ ਲਈ ਹੈ ਜਿਸਤੋਂ ਫੋਨ ਆਇਆ ਸੀ।  ਐਸ.ਪੀ ਅਨੁਸਾਰ ਫੋਨ ਪਿੰਡ ਤਾਜ਼ਾ ਪੱਟੀ ਦੇ ਗੁਰਵਿੰਦਰ ਸਿੰਘ ਦੇ ਨਾਂਅ 'ਤੇ ਹੈ। ਜੱਦ ਪੁਲਿਸ ਨੇ ਨੌਜਵਾਨ ਦੇ ਘਰ ਦਸਤਕ ਦਿੱਤੀ ਤਾਂ ਪਤਾ ਚੱਲਿਆ ਕਿ ਨੌਜਵਾਨ ਘਰ ਨਹੀਂ ਹੈ ਪਰ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ 5 ਜੂਨ ਦੀ  ਸਵੇਰ ਉਸਦਾ ਫੋਨ ਗੁੰਮ ਹੋ ਗਿਆ ਸੀ । ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਪੁਲਿਸ ਦੇ ਡਰੋ ਭੱਜ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਵੱਲੋਂ ਇਸ ਤਰ੍ਹਾਂ ਭੱਜੇ ਰਹਿਣ ਨਾਲ ਗੱਲ ਨਹੀਂ ਬਣਨੀ ਸਗੋਂ ਨੌਜਵਾਨ ਪੁਲਿਸ ਕੋਲ ਆਵੇ ਅਤੇ ਸਾਰੀ ਗੱਲ ਦੱਸੇ ਤਾਜੋਂ ਸਥਿਤੀ ਸਪਸ਼ਟ ਹੋ ਸਕੇ, ਨਹੀਂ ਤਾਂ ਕੀਤੇ ਨਾ ਕੀਤੇ ਸ਼ੱਕ ਦੀ ਸੂਈ ਤਾਂ ਘੁੰਮਦੀ ਹੀ ਹੈ।