ਫੇਸਬੁੱਕ ਨੇ ਸ਼ੁਰੂ ਕੀਤੀ ਝੂਠੀਆਂ ਵੀਡੀਓ ਅਤੇ ਖ਼ਬਰਾਂ ਨੂੰ ਦੱਸਣ ਦੀ ਸ਼ੁਰੂਆਤ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 15 2019 14:01
Reading time: 1 min, 35 secs

ਇੱਕ ਸਮਾਂ ਸੀ ਜਦੋਂ ਕੋਈ ਖ਼ਬਰ ਜਾਂ ਸੁਨੇਹਾ ਦੂਰ-ਦੁਰਾਡੇ ਪਹੁੰਚਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਸੀ। ਦੁਨੀਆ ਵਿੱਚ ਕੀ ਹੋ ਰਿਹਾ ਹੈ ਜਾਂ ਤਾਂ ਸਾਨੂੰ ਅਖ਼ਬਾਰਾਂ ਤੋਂ ਜਾਂ ਟੀ.ਵੀ ਰਾਹੀਂ ਦੂਜੇ ਦਿਨ ਥੋੜ੍ਹਾ ਬਹੁਤ ਪਤਾ ਲੱਗਦਾ ਹੈ ਪਰ ਸੋਸ਼ਲ ਮੀਡੀਆ ਆਉਣ ਨਾਲ ਹੁਣ ਖ਼ਬਰਾਂ ਫਟਾਫਟ ਲੋਕਾਂ ਤੱਕ ਪਹੁੰਚ ਰਹੀਆਂ ਹਨ। ਸੋਸ਼ਲ ਮੀਡੀਆ ਇੱਕ ਐਸਾ ਸਾਧਨ ਹੀ ਜਿਸ ਨਾਲ ਕੋਈ ਵੀ ਖ਼ਬਰ ਸਕਿੰਟਾਂ ਵਿੱਚ ਹੀ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚ ਜਾਂਦੀ ਹੈ ਜਿੱਥੇ ਅਸੀਂ ਸੋਸ਼ਲ ਮੀਡੀਆ ਨਾਲ ਹਰ ਜਾਣਕਾਰੀ ਸਕਿੰਟਾਂ ਵਿੱਚ ਪ੍ਰਾਪਤ ਕਰ ਰਹੇ ਹਾਂ ਉੱਥੇ ਹੀ ਸਾਨੂੰ ਹੁਣ ਇਹ ਵੀ ਮੁਸ਼ਕਿਲ ਆ ਰਹੀ ਹੈ ਕਿ ਜਿਹੜੀ ਖ਼ਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਹ ਸਹੀ ਹੈ ਵੀ ਜਾਂ ਝੂਠੀ ਹੈ। ਅੱਜ ਦੇ ਸਮੇਂ ਵਿੱਚ ਖ਼ਬਰਾਂ ਪਹੁੰਚਣ ਦਾ ਸਭ ਤੋਂ ਵੱਡਾ ਪਲੇਟਫ਼ਾਰਮ ਵਟਸਐਪ ਅਤੇ ਫੇਸਬੁੱਕ ਹੈ, ਇਹਨਾਂ ਦੋਹਾਂ ਪਲੇਟਫ਼ਾਰਮਾਂ ਤੇ ਖ਼ਬਰ ਕਦੋਂ ਵਾਇਰਲ ਹੋ ਜਾਵੇ ਪਤਾ ਹੀ ਨਹੀਂ ਲੱਗਦਾ। ਵਾਇਰਲ ਹੋਈ ਖ਼ਬਰ ਵਿੱਚੋਂ ਬਹੁਤੀਆਂ ਖ਼ਬਰਾਂ ਐਸੀਆਂ ਹੁੰਦੀਆਂ ਹਨ ਜੋ ਕਿ ਝੂਠੀਆਂ ਹੁੰਦੀਆਂ ਹਨ ਅਤੇ ਕਿਸੇ ਖ਼ਾਸ ਮਕਸਦ ਲਈ ਕੁਝ ਸ਼ਰਾਰਤੀ ਲੋਕਾਂ ਵੱਲੋਂ ਇਹ ਝੂਠੀਆਂ ਖ਼ਬਰਾਂ ਫੈਲਾਈਆਂ ਜਾਂਦੀਆਂ ਹਨ।

ਆਏ ਦਿਨ ਝੂਠੀਆਂ ਖ਼ਬਰਾਂ ਦੇ ਫੈਲਣ ਨਾਲ ਸੋਸ਼ਲ ਮੀਡੀਆ ਦੇ ਪਲੇਟਫ਼ਾਰਮ ਦੀ ਭਰੋਸੇਯੋਗਤਾ ਘਟਦੀ ਜਾ ਰਹੀ ਸੀ। ਸਰਕਾਰ ਵੀ ਫੇਸਬੁੱਕ ਅਤੇ ਵਟਸਐਪ ਤੇ ਇਹਨਾਂ ਝੂਠੀਆਂ ਖ਼ਬਰਾਂ ਫੈਲਣ ਤੋਂ ਰੋਕਣ ਲਈ ਲਗਾਤਾਰ ਦਬਾਅ ਬਣਾ ਰਹੀ ਸੀ। ਸਰਕਾਰ ਦੀ ਗੱਲ ਮੰਨਦੇ ਅਤੇ ਆਪਣੀ ਭਰੋਸੇਯੋਗਤਾ ਬਰਕਰਾਰ ਰੱਖਣ ਲਈ ਹੁਣ ਫੇਸਬੁੱਕ ਤੇ ਜਦੋਂ ਹੀ ਕੋਈ ਐਸੀ ਖ਼ਬਰ ਪੋਸਟ ਹੁੰਦੀ ਹੈ ਤਾਂ ਫੇਸਬੁੱਕ ਵੱਲੋਂ ਰੱਖੀ ਗਈ ਮਾਹਿਰਾਂ ਦੀ ਟੀਮ ਉਸ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਪੋਸਟ ਹੋਈ ਖ਼ਬਰ ਉੱਪਰ ਇੱਕ ਚਿਤਾਵਨੀ ਲਿਖ ਦਿੱਤੀ ਜਾਂਦੀ ਹੈ ਕਿ ਇਹ ਝੂਠੀ ਜਾਣਕਾਰੀ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਖ਼ਬਰ ਦੀ ਜਾਂਚ ਸੁਤੰਤਰ ਤੱਥ ਜਾਂਚਕਰਤਾਵਾਂ ਵੱਲੋਂ ਜਾਂਚ ਕੀਤੀ ਗਈ ਹੈ। ਫੇਸਬੁੱਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਹੁਣ ਲੋਕ ਪਹਿਲਾਂ ਹੀ ਉਸ ਖ਼ਬਰ ਬਾਰੇ ਚਿਤਾਵਨੀ ਪੜ੍ਹ ਲਿਆ ਕਰਨਗੇ ਅਤੇ ਐਸੀ ਝੂਠੀ ਖ਼ਬਰ ਸ਼ੇਅਰ ਕਰਨ ਤੋਂ ਗੁਰੇਜ਼ ਕਰਿਆ ਕਰਨਗੇ। ਫੇਸਬੁੱਕ ਦੇ ਇਸ ਕਦਮ ਤੋਂ ਬਾਅਦ ਵਟਸਐਪ ਨੂੰ ਵੀ ਹੁਣ ਐਸਾ ਹੀ ਕੋਈ ਉਪਰਾਲਾ ਕਰਨਾ ਚਾਹੀਦਾ ਹੈ।