ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 15 2019 12:23
Reading time: 2 mins, 44 secs

ਬੀਤੀ 6 ਜੂਨ ਨੂੰ ਬੋਰਵੈੱਲ ਵਿੱਚ ਡਿੱਗੇ ਫਤਿਹਵੀਰ ਸਿੰਘ 5 ਦਿਨ ਤੋਂ ਜ਼ਿਆਦਾ ਸਮਾਂ ਬੋਰਵੈੱਲ ਵਿੱਚ ਹੀ ਫਸੇ ਰਹਿਣ ਦੇ ਕਾਰਨ 11 ਜੂਨ ਨੂੰ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਫਤਿਹਵੀਰ ਨੂੰ ਬਾਹਰ ਕੱਢ ਲਿਆ ਗਿਆ। ਡਾਕਟਰਾਂ ਕੋਲ ਜਦੋਂ ਫਤਿਹਵੀਰ ਨੂੰ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਮ੍ਰਿਤਕ ਐਲਾਨਿਆ। ਡਾਕਟਰਾਂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਫਤਿਹਵੀਰ ਦੀ ਮੌਤ 8-9 ਜੂਨ ਦੇ ਵਿੱਚਕਾਰ ਹੀ ਹੋ ਚੁੱਕੀ ਸੀ। ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਕਥਿਤ ਤੌਰ 'ਤੇ ਨਾਕਾਮੀ ਦੇ ਕਾਰਨ 140 ਫੁੱਟ ਬੋਰਵੈੱਲ ਵਿੱਚੋਂ ਫਤਿਹਵੀਰ ਨਾ ਕੱਢਿਆ ਜਾ ਸਕਿਆ।

ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਦੋ ਵਰ੍ਹਿਆਂ ਦੇ ਫਤਿਹਵੀਰ ਸਿੰਘ ਜਦੋਂ ਬੋਰਵੈਲ ਵਿੱਚ ਡਿੱਗਿਆ ਸੀ ਤਾਂ ਚਾਰੇ ਪਾਸੇ ਹੀ ਉਸ ਨੂੰ ਸਹੀ ਸਲਾਮਤ ਬਾਹਰ ਕੱਢਣ ਦੀਆਂ ਅਰਦਾਸਾਂ ਬੇਨਤੀਆਂ ਹੋ ਰਹੀਆਂ ਸਨ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿਸਟਮ ਅਤੇ ਮਸ਼ੀਨਰੀ ਚੰਗੀ ਨਾ ਹੋਣ ਦੇ ਕਾਰਨ ਫਤਿਹਵੀਰ ਸਿੰਘ ਬੋਰਵੈੱਲ ਵਿੱਚੋਂ ਮ੍ਰਿਤਕ ਹੀ ਕੱਢਿਆ ਗਿਆ। ਦੱਸ ਦਈਏ ਕਿ ਫਤਿਹਵੀਰ ਸਿੰਘ ਦੀ ਮੌਤ 'ਤੇ ਇਸ ਵੇਲੇ ਸਿਆਸਤ ਜੰਮ ਰਹੀ ਹੈ। ਕਿਸੇ ਪਾਸਿਓਂ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ ਅਤੇ ਕਿਸੇ ਪਾਸੇ ਪ੍ਰਸ਼ਾਸਨ ਦੀਆਂ ਖਾਮੀਆਂ ਕੱਢੀਆਂ ਜਾ ਰਹੀਆਂ ਹਨ।

ਕੁਲ ਮਿਲਾ ਕੇ ਕਹਿ ਲਈਏ ਕਿ ਇੱਕ ਮਾਂ ਦਾ ਪੁੱਤ ਇਸ ਜਹਾਨ ਤੋਂ ਚੱਲਿਆ ਗਿਆ ਅਤੇ ਲੀਡਰ ਸਿਆਸੀ ਰੋਟੀਆਂ ਸੇਕ ਰਹੇ ਹਨ। ਭਾਵੇਂ ਕਿ ਫਤਿਹਵੀਰ ਸਿੰਘ ਦੇ ਮਾਪਿਆਂ ਨੇ ਸਮੂਹ ਲੀਡਰਾਂ ਅਤੇ ਜੱਥੇਬੰਦੀਆਂ ਨੂੰ ਅਪੀਲਾਂ ਵੀ ਕੀਤੀਆਂ ਹਨ ਕਿ ਸਿਆਸਤ ਨਾ ਕੀਤੀ ਜਾਵੇ, ਪਰ ਵੋਟਾਂ ਦੇ ਖ਼ਾਤਰ ਲੀਡਰ ਅਤੇ ਹੋਰ ਜੱਥੇਬੰਦੀਆਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਪ੍ਰਦਰਸ਼ਨ ਵਿੱਚ ਜੁਟੀਆਂ ਹੋਈਆਂ ਹਨ। ਭਾਵੇਂ ਕਿ ਸਰਕਾਰ ਦਾ ਸਿਸਟਮ ਅਤੇ ਮਸ਼ੀਨਰੀ ਚੰਗੀ ਨਹੀਂ, ਪਰ ਵਿਰੋਧੀ ਸਿਆਸੀ ਲੀਡਰਾਂ ਦੇ ਵੱਲੋਂ ਸੁਰਖੀਆਂ ਦੇ ਵਿੱਚ ਆਉਣ ਲਈ ਵੰਨ ਸਵੰਨੇ ਬਿਆਨ ਦਿੱਤੇ ਜਾ ਰਹੇ ਹਨ।

ਪੰਜਾਬੀ ਦੀ ਇੱਕ ਕਹਾਵਤ ਹੈ ਕਿ ''ਚਿੜੀਆਂ ਦੀ ਮੌਤ 'ਤੇ ਗਵਾਰਾਂ ਦਾ ਹਾਸਾ''!! ਦਰਅਸਲ, ਇਹ ਕਹਾਵਤ ਪੰਜਾਬ ਦੇ ਸਿਆਸੀ ਲੀਡਰਾਂ 'ਤੇ ਅਹਿਮ ਢੁੱਕਦੀ ਹੈ, ਕਿਉਂਕਿ ਲੀਡਰਾਂ ਦੇ ਵੱਲੋਂ ਇੱਕ ਬੱਚੇ ਦੀ ਮੌਤ 'ਤੇ ਹਾਸੋਹੀਨੀ ਜਿਹੇ ਬਿਆਨ ਦੇ ਕੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਬਿਜਾਏ, ਸਿਆਸਤ ਕੀਤੀ ਜਾ ਰਹੀ ਹੈ। ਦੋਸਤੋਂ, ਵੇਖਿਆ ਜਾਵੇ ਤਾਂ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਦੋਂ ਸਿਆਸਤ ਹੋਣੀ ਸ਼ੁਰੂ ਹੋ ਜਾਂਦੀ ਹੈ। ਬੇਅਦਬੀਆਂ ਦਾ ਮਾਮਲਾ ਹੋਵੇ ਜਾਂ ਫਿਰ ਕਿਸਾਨੀ ਜਵਾਨੀ ਦਾ, ਹਰ ਮਾਮਲੇ 'ਤੇ ਸਿਆਸਤ ਹਮੇਸ਼ਾ ਹੀ ਹੁੰਦੀ ਰਹੀ ਹੈ।

ਬੁੱਧੀਜੀਵੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੀਡਰਾਂ ਨੂੰ ਸਿਆਸਤ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਪੰਜਾਬ ਦੇ ਲੀਡਰਾਂ ਦੀ ਬਣੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿੱਥੇ ਇਸ ਵੇਲੇ ਫਤਿਹਵੀਰ ਸਿੰਘ ਦੀ ਮੌਤ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਦੇ ਲਈ ਸਿਆਸਤ ਕੀਤੀ ਜਾ ਰਹੀ ਹੈ।

ਬੁੱਧੀਜੀਵੀਆਂ ਦਾ ਮੰਨਣਾ ਇਹ ਵੀ ਹੈ ਕਿ ਪੰਜਾਬ ਦੇ ਲੀਡਰਾਂ ਨੂੰ ਦੁੱਖਦਾਈ ਘਟਨਾ ਦੇ ਵਿੱਚ ਕਦੇ ਵੀ ਸਿਆਸਤ ਨਹੀਂ ਘੋਲਣੀ ਚਾਹੀਦੀ। ਕਿਉਂਕਿ ਜਦੋਂ ਕਿਸੇ ਮੁੱਦੇ ਦੇ ਵਿੱਚ ਸਿਆਸਤ ਦਾਖਲ ਹੋ ਜਾਂਦੀ ਹੈ ਤਾਂ ਫਿਰ ਕਿਸੇ ਨੂੰ ਵੀ ਇਨਸਾਫ ਨਹੀਂ ਮਿਲ ਪਾਉਂਦਾ। ਲੀਡਰਾਂ ਨੂੰ ਸਿਆਸਤ ਤੋਂ ਪਾਸੇ ਹੱਟ ਕੇ ਇਨਸਾਨੀਅਤ ਨਾਤੇ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਸਿਆਸਤ ਕਰਕੇ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧਰਨੇ ਚਾਹੀਦੇ ਹਨ। ਪੰਜਾਬ ਵਾਸੀਆਂ ਨੂੰ ਵੀ ਵੋਟਾਂ ਪਾਉਣ ਤੋਂ ਪਹਿਲੋਂ ਸੋਚਦਾ ਚਾਹੀਦਾ ਹੈ ਕਿ ਉਹ ਉਸ ਪਾਰਟੀ ਨੂੰ ਵੋਟ ਦੇਣ, ਜੋ ਦੁੱਖ ਸੁੱਖ ਵਿੱਚ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੋਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।