'ਮਿਸ਼ਨ ਤੰਦਰੁਸਤ ਪੰਜਾਬ': ਸਿਹਤ ਵਿਭਾਗ ਵੱਲੋਂ 5 ਬਰਫ਼ ਵਾਲੀਆਂ ਫ਼ੈਕਟਰੀਆਂ ਦੀ ਚੈਕਿੰਗ

Last Updated: Jun 14 2019 19:44
Reading time: 0 mins, 49 secs

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹੇ ਅੰਦਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਵੱਲੋਂ ਗੁਰਦਾਸਪੁਰ ਸ਼ਹਿਰ ਵਿਖੇ 3, ਕਲਾਨੌਰ ਵਿਖੇ 1 ਤੇ ਡੇਰਾ ਬਾਬਾ ਨਾਨਕ ਵਿਖੇ 1 ਬਰਫ਼ ਦੀਆਂ ਫ਼ੈਕਟਰੀਆਂ ਦੀ ਚੈਕਿੰਗ ਕੀਤੀ ਗਈ ਤੇ ਪਾਣੀ ਦੇ ਸੈਂਪਲ ਭਰੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ-ਵਿਭਾਗ ਵੱਲੋਂ 'ਮਿਸ਼ਨ ਤੰਦਰਸਤ ਪੰਜਾਬ' ਤਹਿਤ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਅੱਜ ਕੀਤੀ ਛਾਪੇਮਾਰੀ ਦੌਰਾਨ ਬਰਫ਼ ਦੀਆਂ ਫ਼ੈਕਟਰੀਆਂ 'ਚ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ। ਫ਼ੈਕਟਰੀ ਮਾਲਕਾਂ ਨੂੰ ਫ਼ੈਕਟਰੀ ਅੰਦਰ ਸਾਫ਼ ਸਫ਼ਾਈ ਰੱਖਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਟਾਲਾ ਵਿਖੇ ਕਾਰਬੋਨੇਟਿਡ ਪਾਣੀ ਬਣਾਉਣ ਵਾਲੀ ਫ਼ੈਕਟਰੀ ਦੀ ਵੀ ਚੈਕਿੰਗ ਕੀਤੀ ਗਈ ਤੇ ਪਾਣੀ ਦੇ ਸੈਂਪਲ ਭਰੇ ਗਏ। ਸੈਂਪਲ ਦੀ ਜਾਂਚ ਉਪਰੰਤ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਨਿਵੇਕਲੀ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਨੂੰ ਖਾਣ ਵਾਲੇ ਪਦਾਰਥ ਸ਼ੁੱਧ ਮੁਹੱਈਆ ਕਰਵਾਉਣਾ, ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪ੍ਰੇਰਿਤ ਤੇ ਜਾਗਰੂਕ ਕਰਨਾ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਕਰਨਾ ਹੈ।