ਗਰੀਬਾਂ ਦੀਆਂ 'ਕੁੱਲੀਆਂ' ਤਾਂ ਬਖ਼ਸ਼ ਦਿਓ ਕਾਂਗਰਸੀਓਂ !!!

Last Updated: Jun 14 2019 17:47
Reading time: 1 min, 30 secs

ਜਦੋਂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ, ਇਸ ਸਰਕਾਰ 'ਤੇ ਦੋਸ਼ ਲੱਗਦੇ ਆਏ ਹਨ ਕਿ ਕਾਂਗਰਸ ਪਾਰਟੀ ਦੇ ਮੰਤਰੀ, ਵਿਧਾਇਕ ਅਤੇ ਕੁਝ 'ਫੀਲੇ' ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਲੱਗ ਪਏ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਜੋਈਆਂ ਵਾਲਾ ਦਾ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ ਇੱਕ ਕਿਸਾਨ ਦੀ 10 ਕਨਾਲ ਜ਼ਮੀਨ 'ਤੇ ਕੁਝ ਕਾਂਗਰਸੀਆਂ ਦੀ ਅੱਖ਼ ਹੈ ਅਤੇ ਉਹ ਜ਼ਮੀਨ 'ਤੇ ਕਬਜ਼ਾ ਕਰਨ ਸਬੰਧੀ ਕਈ ਤੌਰ ਤਰੀਕੇ ਵਰਤ ਰਹੇ ਹਨ।

ਇਸ ਸਬੰਧੀ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਜੋਈਆਂ ਵਾਲਾ ਨੇ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਸਦਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਹੈ ਅਤੇ ਉਸਦੇ ਪਿਤਾ ਬਲਦੇਵ ਸਿੰਘ ਦੇ ਨਾਮ 'ਤੇ 10 ਕਨਾਲ ਜ਼ਮੀਨ ਵਾਕਿਆ ਪਿੰਡ ਜੋਈਆਂ ਵਾਲਾ ਵਿਖੇ ਹੈ, ਜਿਸ ਵਿੱਚ ਕਰੀਬ 20-22 ਰਿਹਾਇਸ਼ੀ ਘਰ ਹਨ, ਜਿੱਥੇ ਮੁੱਦਈ ਵੀ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਜੋਈਆਂ ਵਾਲਾ ਦੇ ਹੀ ਕੁਝ ਲੋਕ ਜੋ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਉਹ ਮੁੱਦਈ ਹੋਰਾਂ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਗਰੀਬ ਪਰਿਵਾਰਾਂ ਨੂੰ ਬੇਘਰ ਕਰ ਰਹੇ ਹਨ।

ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਸਮਾਂ ਪਹਿਲੋਂ ਉਕਤ ਕਾਂਗਰਸੀਆਂ ਨੇ ਮੁੱਦਈਆ ਹੋਰਾਂ ਨੂੰ ਬੇਘਰ ਕਰਕੇ ਘਰ ਵਿੱਚੋਂ ਜ਼ਬਰਦਸਤੀ ਸਾਮਾਨ ਚੋਰੀ ਕਰਵਾਇਆ ਅਤੇ ਇੱਥੋਂ ਤੱਕ ਕਿ ਸਾਡੇ ਘਰ ਵਿੱਚੋਂ ਕਣਕ ਵੀ ਚੋਰੀ ਕਰਕੇ ਲੈ ਗਏ। ਕੁਲਦੀਪ ਮੁਤਾਬਿਕ ਉਕਤ ਲੋਕ ਹੁਣ ਸਿਆਸੀ ਸ਼ਹਿ 'ਤੇ ਸਾਡੀ ਬਾਕੀ ਬਚਦੀ ਮਾਲਕੀ ਜ਼ਮੀਨ 'ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਹੁਣ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਕੁਲਦੀਪ ਨੇ ਦੱਸਿਆ ਕਿ ਉਕਤ ਲੋਕਾਂ ਦੇ ਕੋਲ ਸਾਡੀ ਜ਼ਮੀਨ ਅਤੇ ਗਰੀਬ ਪਰਿਵਾਰਾਂ ਦੀ ਰਿਹਾਇਸ਼ ਜਗ੍ਹਾ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਅਦਾਲਤੀ ਹੁਕਮ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਅਤੇ ਗਰੀਬ ਪਰਿਵਾਰਾਂ ਨੂੰ ਕਾਂਗਰਸੀਆਂ ਦੀ ਧੱਕੇਸ਼ਾਹੀ ਤੋਂ ਬਚਾਇਆ ਜਾਵੇ ਅਤੇ ਸਾਨੂੰ ਇਨਸਾਫ਼ ਦੁਆਇਆ ਜਾਵੇ।