ਕਿਸੇ ਵਿਅਕਤੀ ਵੱਲੋਂ ਕੀਤਾ ਖੂਨਦਾਨ ਬਚਾ ਸਕਦੈ ਅਨਮੋਲ ਇਨਸਾਨੀ ਜਾਨਾਂ-ਐਸਡੀਐਮ ਡਾ.ਸੰਜੀਵ

Last Updated: Jun 14 2019 17:04
Reading time: 1 min, 0 secs

ਖੂਨਦਾਨ ਕਰਨਾ ਸਭਤੋਂ ਉਤਮ ਦਾਨ ਹੈ, ਅਤੇ ਕਿਸੇ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਕਈ ਅਨਮੋਲ ਮਨੁੱਖੀ ਜ਼ਿੰਦਗੀਆਂ ਬਚਾਉਣ 'ਚ ਸਹਾਈ ਹੋ ਸਕਦਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਘਟਾਵਾ ਐਸਡੀਐਮ ਫਤਹਿਗੜ ਸਾਹਿਬ ਡਾ.ਸੰਜੀਵ ਕੁਮਾਰ ਨੇ ਵਿਸ਼ਵ ਖੂਨਦਾਨ ਦਿਵਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ 'ਚ ਆਪਣਾ ਖੂਨਦਾਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਂਝਾ ਕੀਤਾ। ਉਨਾਂ ਕਿਹਾ ਕਿ ਖੂਨਦਾਨ ਇੱਕ ਅਜਿਹਾ ਦਾਨ ਹੈ, ਜੋ ਕਿ ਇੱਕ ਮਨੁੱਖ ਦੁਆਰਾ ਹੀ ਕੀਤਾ ਜਾ ਸਕਦਾ ਹੈ। ਵਿਸ਼ਵ ਖੂਨਦਾਨ ਦਿਵਸ 2004 ਤੋਂ ਕੈਰੀ ਲੈਂਡਸਟੇਨਰ ਦੀ ਜਨਮ ਸ਼ਤਾਬਦੀ ਤੇ ਮਨਾਇਆ ਜਾਂਦਾ ਹੈ, ਅਤੇ ਕੈਰੀ ਲੈਂਡਸਟੇਨਰ ਇੱਕ ਪ੍ਰਮੁੱਖ ਵਿਗਿਆਨਕ ਸਨ ਜਿਨਾਂ ਨੇ ਖੂਨ ਦੇ ਵੱਖ-ਵੱਖ ਗਰੁੱਪਾਂ ਦੀ ਪਹਿਚਾਣ ਵੀ ਕੀਤੀ ਸੀ।

ਇਸ ਮੌਕੇ ਐਸਡੀਐਮ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦੇਣ ਵਾਲੇ ਵਿਅਕਤੀ ਦੀ ਸਿਹਤ ਤੇ ਖੂਨਦਾਨ ਕਰਨ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਅਤੇ ਕੁਝ ਹੀ ਦਿਨਾਂ 'ਚ ਖੂਨ ਸਰੀਰ ਵਿੱਚ ਦੁਬਾਰਾ ਬਣ ਜਾਂਦਾ ਹੈ। ਹਰੇਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ਼੍ਰੀਮਤੀ ਸੁਤੰਤਰ ਅਰੋੜਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਡਾ.ਦਿਲਬਰ ਸਿੰਘ, ਸ਼੍ਰੀਮਤੀ ਰੇਖਾ ਰਾਣੀ ਆਦਿ ਤੋਂ ਇਲਾਵਾ ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਦੇ ਬਲੱਡ ਬੈਂਕ ਦੀ ਟੀਮ ਮੈਂਬਰ ਵੀ ਮੌਜੂਦ ਸਨ।