ਸਾਡਾ ਭਾਵੇਂ ਖ਼ੂਨ ਪੀ ਲਓ, ਪਰ ਸਾਡੇ ਬੱਚਿਆਂ ਨੂੰ ਭੁੱਖਾ ਨਾ ਮਾਰੋ !!!

Last Updated: Jun 14 2019 16:41
Reading time: 1 min, 18 secs

"ਖ਼ੂਨ ਸਾਡਾ ਭਾਵੇਂ ਪੀ ਲਓ, ਪਰ ਸਾਡੇ ਬੱਚਿਆਂ ਨੂੰ ਭੁੱਖਾ ਤਾਂ ਨਾ ਮਾਰੋ"। ਜੀ ਹਾਂ, ਇਹ ਬੋਲ ਉਨ੍ਹਾਂ ਆਂਗਣਵਾੜੀ ਵਰਕਰਾਂ ਦੇ ਹਨ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ, ਪਰ ਸਰਕਾਰ ਦੇ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਅੱਜ ਆਂਗਣਵਾੜੀ ਵਰਕਰਾਂ ਦੇ ਵੱਲੋਂ ਆਪਣੇ ਖ਼ੂਨ ਦੇ ਨਾਲ ਇੱਕ ਮੰਗ ਪੱਤਰ ਲਿਖ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਅਰਨਾ ਚੌਧਰੀ ਦੇ ਨਾਮ 'ਤੇ ਭੇਜਿਆ ਗਿਆ। 

ਫ਼ਿਰੋਜ਼ਪੁਰ ਵਿਖੇ ਅੱਜ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਆਂਗਣਵਾੜੀ ਵਰਕਰਾਂ ਨੇ ਪਹਿਲੋਂ ਮੀਟਿੰਗ ਕੀਤੀ ਅਤੇ ਫਿਰ ਇੱਕ ਮੰਗ ਪੱਤਰ ਖ਼ੂਨ ਦੇ ਨਾਲ ਲਿਖਦਿਆਂ ਹੋਇਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ। ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੀ ਆਗੂ ਕੁਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੇ ਬਣਦੇ ਜਾ ਰਹੇ ਹਨ, ਜੋ ਮੰਗਾਂ ਦੇ ਵੱਲ ਧਿਆਨ ਦੇਣ ਤੋਂ ਪਾਸਾ ਵੱਟ ਰਹੇ ਹਨ। 

ਉਨ੍ਹਾਂ ਦੱਸਿਆ ਕਿ ਕਈ ਵਾਰ ਉਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਵਿਖੇ ਮਾਰਚ ਕੀਤਾ ਗਿਆ, ਕਈ ਵਾਰ ਪੰਜਾਬ ਪ੍ਰਧਾਨ ਦੀ ਕੋਠੀ ਘੇਰੀ ਗਈ ਅਤੇ ਕਈ ਵਾਰ ਹੋਰ ਕੈਬਨਿਟ ਮੰਤਰੀਆਂ ਨੂੰ ਘੇਰਿਆ ਗਿਆ, ਪਰ ਅਫ਼ਸੋਸ ਹਰ ਵਾਰ ਨਤੀਜਾ ਲਾਰਾ ਹੀ ਨਿਕਲਿਆ। ਉਨ੍ਹਾਂ ਦੱਸਿਆ ਕਿ 8 ਮਹੀਨੇ ਪਹਿਲੋਂ ਮੋਦੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਦਾ 1500 ਅਤੇ ਹੈਲਪਰ ਦਾ 750 ਰੁਪਏ ਮਾਨ ਭੱਤਾ ਵਧਾਇਆ ਸੀ, ਪਰ ਕੈਪਟਨ ਸਰਕਾਰ ਵੱਲੋਂ ਆਪਣੇ 40 ਪ੍ਰਤੀਸ਼ਤ ਹਿੱਸੇ ਆਉਣ ਵਾਲੀ ਰਾਸ਼ੀ ਨੂੰ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਖੋਟੀ ਨੀਤੀ ਵਿਰੁੱਧ ਅੱਜ ਆਂਗਣਵਾੜੀ ਵਰਕਰਾਂ ਵੱਲੋਂ ਸਰਕਾਰ ਦੇ ਪ੍ਰਤੀ ਰੋਸ ਪ੍ਰਗਟਾਇਆ ਜਾ ਰਿਹਾ ਹੈ।