ਅੰਬਾਲੇ ਦਾ ਪੁਲਕਿਤ ਨਸ਼ੀਲੇ ਇੰਜੈਕਸ਼ਨਾਂ ਤੇ ਸ਼ੀਸ਼ੀਆਂ ਦੀ ਵੱਡੀ ਖੇਪ ਸਣੇ ਚੜ੍ਹਿਆ ਪੁਲਿਸ ਅੜਿੱਕੇ

Last Updated: Jun 14 2019 16:31
Reading time: 1 min, 51 secs

ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੇ ਖ਼ਾਤਮੇ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ 'ਚ ਲੋੜੀਂਦੇ ਇੱਕ ਨਸ਼ਾ ਤਸਕਰ ਨੂੰ ਪਾਬੰਦੀਸ਼ੁਦਾ 4000 ਨਸ਼ੀਲੇ ਇੰਜੈਕਸ਼ਨਾਂ ਅਤੇ ਨਸ਼ੀਲੀ ਦਵਾਈ ਦੀਆਂ 4000 ਸ਼ੀਸ਼ੀਆਂ ਸਣੇ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਧੰਦੇ 'ਚ ਸ਼ਾਮਲ ਉਸਦੇ ਸਾਥੀ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਨੱਪਿਆ ਜਾ ਚੁੱਕਾ ਹੈ। ਕਾਬੂ ਕੀਤੇ ਵਿਅਕਤੀ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਸ਼ੀਲੇ ਇੰਜੈਕਸ਼ਨਾਂ ਦੀ ਬਰਾਮਦਗੀ ਸਬੰਧੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਥਾਣਾ ਮੂਲੈਪੁਰ ਪੁਲਿਸ ਵੱਲੋਂ ਨਰਵਾਣਾ ਬ੍ਰਾਂਚ ਨਹਿਰ ਦੇ ਪੁਲ ਕੋਲੋਂ ਚੈਕਿੰਗ ਦੌਰਾਨ ਬਾਈਕ ਸਵਾਰ ਹੇਮੰਤ ਕੁਮਾਰ ਉਰਫ਼ ਹਨੀ ਵਾਸੀ ਬਲਦੇਵ ਨਗਰ, ਅੰਬਾਲਾ ਨੂੰ ਨਸ਼ੀਲੇ ਟੀਕਿਆਂ ਅਤੇ ਨਸ਼ੀਲੀ ਦਵਾਈ ਦੀਆਂ ਸ਼ੀਸੀਆਂ ਸਣੇ ਗਿਰਫਤਾਰ ਕੀਤਾ ਗਿਆ ਸੀ। ਜਿਸ ਪਾਸੋਂ ਪੁੱਛਗਿੱਛ ਕਰਨ ਦੇ ਬਾਅਦ ਉਸਦੇ ਨਾਲ ਨਸ਼ੀਲੀ ਦਵਾਈਆਂ ਦੀ ਤਸਕਰੀ 'ਚ ਸ਼ਾਮਲ ਪੁਲਕਿਤ ਉਰਫ਼ ਪੰਕਜ ਕੁਮਾਰ ਵਾਸੀ ਚੰਦਰਪੁਰੀ ਕਲੋਨੀ, ਨਜ਼ਦੀਕ ਡੀਆਰਐਮ ਆਫ਼ਿਸ, ਅੰਬਾਲਾ ਨੂੰ ਨਾਮਜ਼ਦ ਕਰਕੇ ਉਸਦੀ ਤਲਾਸ਼ ਸ਼ੁਰੂ ਕੀਤੀ ਗਈ ਸੀ।

ਐਸਐਸਪੀ ਅਮਨੀਤ ਕੌਂਡਲ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਚਲਾਕ ਅਤੇ ਚੁਸਤ ਦਿਮਾਗੀ ਪੁਲਕਿਤ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਠਿਕਾਣੇ ਬਦਲ ਕੇ ਰਹਿ ਰਿਹਾ ਸੀ। ਸੀਆਈਏ ਸਟਾਫ਼ ਸਰਹਿੰਦ ਦੀ ਇੰਚਾਰਜ ਸਬ ਇੰਸਪੈਕਟਰ ਅਮਰਪਾਲ ਕੌਰ ਨੇ ਬੀਤੇ ਦਿਨੀਂ ਪੁਲਕਿਤ ਸਬੰਧੀ ਮੁਖ਼ਬਰ ਤੋਂ ਸੂਚਨਾ ਮਿਲਣ ਦੇ ਬਾਅਦ ਪੁਲਿਸ ਪਾਰਟੀ ਨਾਲ ਚੰਦਰਪੁਰੀ ਕਲੋਨੀ, ਅੰਬਾਲਾ ਸਥਿਤ ਉਸਦੇ ਘਰ ਰੇਡ ਕੀਤੀ। ਜਿੱਥੋਂ ਇਟੀਓਸ ਕਾਰ 'ਚ ਫ਼ਰਾਰ ਹੋਣ ਲੱਗੇ ਪੁਲਕਿਤ ਉਰਫ਼ ਪੰਕਜ ਉਰਫ਼ ਰੂਬਲ ਨੂੰ ਕਾਬੂ ਕਰ ਲਿਆ ਗਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਅੰਦਰੋਂ 4000 ਨਸ਼ੀਲੇ ਇੰਜੈਕਸ਼ਨਾਂ ਦਾ ਸੈਟ (4000 ਟੀਕੇ ਅਤੇ 4000 ਸ਼ੀਸ਼ੀਆਂ) ਬਰਾਮਦ ਹੋਏ।

ਉਨ੍ਹਾਂ ਅੱਗੇ ਦੱਸਿਆ ਕਿ ਕਾਬੂ ਕੀਤੇ ਆਰੋਪੀ ਪੁਲਕਿਤ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਉਹ ਤਿੰਨ ਸਾਲਾਂ ਤੋਂ ਨਸ਼ੀਲੇ ਇੰਜੈਕਸ਼ਨ ਅਤੇ ਨਸ਼ੀਲੀਆਂ ਦਵਾਈਆਂ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ, ਖੰਨਾ, ਪਟਿਆਲਾ, ਰਾਜਪੁਰਾ, ਮੋਹਾਲੀ, ਰੋਪੜ ਆਦਿ ਇਲਾਕਿਆਂ 'ਚ ਸਪਲਾਈ ਕਰਨ ਦਾ ਧੰਦਾ ਕਰਦਾ ਆ ਰਿਹਾ ਹੈ। ਕਰੀਬ ਇੱਕ ਹਫ਼ਤਾ ਪਹਿਲਾਂ ਹੀ ਉਹ ਯੂ.ਪੀ ਦੇ ਆਗਰਾ ਤੋਂ 5 ਲੱਖ ਰੁਪਏ ਦੇ ਨਸ਼ੀਲੇ ਇੰਜੈਕਸ਼ਨ ਖ਼ਰੀਦ ਕੇ ਲਿਆਇਆ ਸੀ, ਜਿਨ੍ਹਾਂ ਵਿੱਚੋਂ ਕਾਫੀ ਟੀਕੇ ਵੇਚ ਚੁੱਕਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਆਗਰਾ ਤੋਂ ਕਿਸ ਵਿਅਕਤੀ ਪਾਸੋਂ ਟੀਕੇ ਖ਼ਰੀਦ ਕੇ ਲਿਆਇਆ ਸੀ ਅਤੇ ਕਿਹੜੇ-ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰ ਚੁੱਕਾ ਹੈ।