ਪੰਜਾਬ ਇਸ ਵੇਲੇ ਖੜ੍ਹਾ ਰੇਗਿਸਤਾਨ ਬਨਣ ਦੀ ਕਗਾਰ 'ਤੇ !!!

Last Updated: Jun 14 2019 14:16
Reading time: 1 min, 21 secs

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਰਣਬੀਰ ਸਿੰਘ ਰਾਣਾ ਠੱਠਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਰਣਬੀਰ ਸਿੰਘ ਰਾਣਾ ਠੱਠਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਹਿਰੀ ਵਿਭਾਗ ਦੇ ਸਰਕਲ ਇੰਜੀਨੀਅਰ ਨਾਲ 19 ਜੂਨ ਨੂੰ ਮੀਟਿੰਗ ਤਹਿ ਹੋਈ ਹੈ, ਜਿਸ ਵਿੱਚ ਜ਼ਿਲ੍ਹੇ ਦੇ ਕਿਸਾਨਾਂ ਦਾ ਵਫ਼ਦ ਸ਼ਾਮਲ ਹੋਵੇਗਾ। 

ਸੂਬਾ ਪ੍ਰਧਾਨ ਪੰਨੂ ਨੇ ਦੱਸਿਆ ਕਿ ਬੀਤੇ ਸਮੇਂ ਤੋਂ ਕਿਸਾਨ ਨਹਿਰੀ ਪਾਣੀਆਂ ਦੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਵੱਡੀ ਇਹ ਤਰਾਸਦੀ ਹੈ ਕਿ ਝੋਨੇ ਦੇ ਹਰ ਸੀਜ਼ਨ ਦੌਰਾਨ ਇਸ ਵਾਰ ਵੀ ਅਜੇ ਨਹਿਰਾਂ-ਸੂਇਆਂ ਆਦਿ ਵਿੱਚ ਪਾਣੀ ਨਹੀਂ ਪਹੁੰਚਿਆਂ। ਜਦੋਂਕਿ ਝੋਨੇ ਦੀ ਲਵਾਈ ਸਰਕਾਰੀ ਆਦੇਸ਼ਾਂ ਦਰਮਿਆਨ 13 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਨਹਿਰੀ ਵਿਭਾਗ ਵੱਲੋਂ ਨਹਿਰਾਂ, ਸੂਇਆਂ ਤੇ ਰਜਵਾਹਿਆਂ ਦੀ ਖਲਾਈ ਦਾ ਕੰਮ ਵੀ ਮੁਕੰਮਲ ਨਹੀਂ ਹੋਇਆ ਅਤੇ ਦੂਜੇ ਪਾਸੇ ਸਤਲੁਜ ਦਰਿਆ ਦਾ ਅਨੇਕਾਂ ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ ਅਤੇ ਪੰਜਾਬ ਇਸ ਵੇਲੇ ਰੇਗਿਸਤਾਨ ਬਨਣ ਦੀ ਕਗਾਰ 'ਤੇ ਖੜ੍ਹਾ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਦੀ ਅਣਗਹਿਲੀ ਤੇ ਨੀਤੀ ਦੀ ਘਾਟ ਕਾਰਨ ਹੀ ਪੰਜਾਬ ਦਾ ਪਾਣੀ ਚਾਂਦੀ ਦੇ ਰੰਗ ਤੋਂ ਬਦਲ ਕੇ ਜ਼ਹਿਰੀਲਾ ਅਤੇ ਦੂਸ਼ਿਤ ਹੋ ਕੇ ਕਾਲੇ ਪਾਣੀ ਵਿੱਚ ਬਦਲ ਗਿਆ ਹੈ। ਪੰਨੂੰ ਨੇ ਦੱਸਿਆ ਕਿ ਵੱਖ-ਵੱਖ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਕਿਸਾਨਾਂ ਦੇ ਵਫ਼ਦ ਵੱਲੋਂ 19 ਜੂਨ ਨੂੰ ਸਰਕਲ ਇੰਜੀਨੀਅਰ ਫ਼ਿਰੋਜ਼ਪੁਰ ਨੂੰ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਰਣਬੀਰ ਸਿੰਘ ਠੱਠਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਹੋਰ ਮੁਸ਼ਕਲਾਂ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਨਾਲ ਰਾਬਤਾ ਕਰਕੇ ਦੱਸਣ ਤਾਂ ਜੋ ਉਨ੍ਹਾਂ ਨੂੰ ਮੰਗ ਪੱਤਰ ਵਿੱਚ ਸ਼ਾਮਲ ਕਰਕੇ ਹੱਲ ਕਰਵਾਇਆ ਜਾ ਸਕੇ।