ਕਿਸਾਨਾਂ ਨੂੰ ਆੜ੍ਹਤੀਆਂ ਦੀ ਲੁੱਟ ਤੋਂ ਬਚਾਉਣ ਲਈ ਕੇਂਦਰ ਸਰਕਾਰ 100 ਦਿਨ 'ਚ ਜਾਰੀ ਕਰੇਗੀ 1 ਕਰੋੜ ਕਿਸਾਨ ਕ੍ਰੈਡਿਟ ਕਾਰਡ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 14 2019 13:19
Reading time: 0 mins, 57 secs

ਕਿਸਾਨਾਂ ਨੂੰ ਆਪਣੀਆਂ ਫਸਲਾਂ ਅਤੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆੜ੍ਹਤੀਆਂ ਕੋਲੋਂ ਪੈਸੇ ਲੈਣੇ ਪੈਂਦੇ ਹਨ। ਕੁਝ ਕੁ ਆੜ੍ਹਤੀਏ ਕਿਸਾਨਾਂ ਦੀ ਐਨੀ ਕੁ ਲੁੱਟ ਕਰਦੇ ਹਨ ਕਿ ਕਿਸਾਨ ਮਜ਼ਬੂਰਨ ਅਤਮਹੱਤਿਆਵਾਂ ਕਰਦੇ ਹਨ। ਕਿਸਾਨਾਂ ਦਾ ਆੜ੍ਹਤੀਆਂ ਕੋਲੋਂ ਪੈਸੇ ਲੈਣ ਦਾ ਮੁੱਖ ਕਾਰਨ ਇਹ ਹੁੰਦਾ ਹੈ ਉਨ੍ਹਾਂ ਨੂੰ ਬੈਂਕ ਆਸਾਨੀ ਨਾਲ ਕਰਜ਼ਾ ਨਹੀਂ ਦਿੰਦਾ ਜਿਸ ਕਰਕੇ ਕਿਸਾਨ ਆੜ੍ਹਤੀਆਂ ਕੋਲੋਂ ਵੱਧ ਵਿਆਜ ਤੇ ਆਪਣੀ ਲੁੱਟ ਕਰਵਾਉਣ ਲਈ ਮਜ਼ਬੂਰ ਹੁੰਦਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਉਣ ਵਾਲੇ 100 ਦਿਨਾਂ ਵਿੱਚ 1 ਕਰੋੜ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਾਰਨ ਦਾ ਫੈਸਲਾ ਲਿਆ ਹੈ।

ਕੇਂਦਰ ਸਰਕਾਰ ਨੇ ਬੈਂਕਾਂ ਨੂੰ ਕਿਸਾਨਾਂ ਨੂੰ ਇਹ ਸਹੂਲਤ ਦੇਣ ਲਈ ਕੈਂਪ ਲਗਾਉਣ ਲਈ ਕਿਹਾ ਹੈ ਤੇ ਬੈਂਕਾਂ ਨੂੰ ਹਿਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਲਈ ਅਰਜ਼ੀ ਮਿਲਣ ਦੇ ਦੋ ਹਫਤੇ ਅੰਦਰ ਇਹ ਕਾਰਡ ਜਾਰੀ ਕੀਤਾ ਜਾਵੇ। ਇਸ ਯੋਜਨਾ ਨੂੰ ਸਫਲ ਬਣਾਉਣ ਲਈ ਕੇਂਦਰ ਸਰਕਾਰ ਨੇ ਰਾਜਾ ਤੋਂ ਸਹਿਯੋਗ ਮੰਗਿਆ ਹੈ। ਸਰਕਾਰ ਚਾਹੁੰਦੀ ਹੈ ਕਿ ਜਿਵੇਂ ਆਮ ਲੋਕ ਦੇ ਬੈਂਕਾਂ ਵਿੱਚ ਖਾਤੇ ਖੁਲਵਾਏ ਗਏ ਸਨ ਉਸੇ ਤਰੀਕੇ ਨਾਲ ਹੀ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦਿੱਤੇ ਜਾਣ। ਜੇਕਰ ਕੇਂਦਰ ਸਰਕਾਰ ਦੀ ਇਹ ਯੋਜਨਾ ਦੇਸ਼ ਵਿੱਚ ਸਹੀ ਤਰੀਕੇ ਨਾਲ ਲਾਗੂ ਹੋ ਗਈ ਤਾਂ ਕਿਸਾਨਾਂ ਨੂੰ ਖਾਸਾ ਫਾਇਦਾ ਹੋ ਸਕਦਾ ਹੈ।