ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਨਾਮ 'ਤੇ ਧੋਖਾਧੜੀ ਕਰਨ ਵਾਲਿਆਂ ਤੋਂ ਸਾਵਧਾਨ ਰਹੋ

Last Updated: Jun 13 2019 17:41
Reading time: 1 min, 3 secs

ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਗਲਤ ਅਨਸਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਨਾਮ ਉੱਤੇ ਧੋਖਾਧੜੀ ਕੀਤੀ ਜਾ ਰਹੀ ਹੈ ਜਿਸ ਸਬੰਧੀ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਅਜਿਹੇ ਕਿਸੇ ਵੀ ਗੁੰਮਰਾਹਕੁੰਨ ਪ੍ਰਚਾਰ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਵਿਭਾਗ ਨੇ ਗਲਤ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਰਦਿਆਂ ਕਿਹਾ ਹੈ ਕਿ ਜੇਕਰ ਆਮ ਲੋਕਾਂ ਨੂੰ ਕੋਈ ਗਲਤ ਅਨਸਰ ਸਕੀਮ ਦਾ ਫ਼ਾਇਦਾ ਪਹੁੰਚਾਉਣ ਦੀ ਗੱਲ ਕਰਦਾ ਹੈ ਤਾਂ ਉਹ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸੀ.ਡੀ.ਪੀ.ਓ. ਬਟਾਲਾ ਸ੍ਰੀ ਵਰਿੰਦਰ ਗਿੱਲ ਨੇ ਦੱਸਿਆ ਕਿ ਕੁਝ ਗਲਤ ਅਨਸਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਅਧੀਨ ਨਗਦ ਪੈਸਾ ਮਿਲਣ ਦੇ ਨਾਮ ਉੱਤੇ ਫਾਰਮ ਵੇਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਸਕੀਮ ਅਧੀਨ ਕੋਈ ਵੀ ਨਗਦ ਰਾਸ਼ੀ ਨਹੀਂ ਦਿੱਤੀ ਜਾਂਦੀ। ਅਜਿਹਾ ਪ੍ਰਚਾਰ ਕਰਨ ਵਾਲਾ ਵਿਅਕਤੀ ਲੋਕਾਂ ਨਾਲ ਧੋਖਾ ਕਰ ਰਿਹਾ ਹੈ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਜਿਹਾ ਪ੍ਰਚਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਰਿਪੋਰਟ ਕੀਤੀ ਜਾਵੇਗੀ। ਵਿਭਾਗ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਹੈ ਕਿ ਉਹ ਸਕੀਮ ਦੇ ਨਾਮ ਉੱਤੇ ਧੋਖਾਧੜੀ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਅਤੇ ਆਪਣੀ ਕੋਈ ਵੀ ਨਿਜੀ ਜਾਣਕਾਰੀ ਜਿਵੇਂ ਕਿ ਆਧਾਰ ਕਾਰਡ, ਬੈਂਕ ਖਾਤਾ, ਫ਼ੋਨ ਨੰਬਰ, ਈਮੇਲ ਆਦਿ ਸਾਂਝਾ ਨਾ ਕਰਨ।