ਰਾਮਪੁਰਾ ਫੂਲ ਦੇ ਉੱਘੇ ਟ੍ਰਾਂਸਪੋਰਟਰ ਨੇ ਕੀਤੀ ਖ਼ੁਦਕੁਸ਼ੀ, ਧੀ ਦੇ ਸਹੁਰਾ ਪਰਿਵਾਰ ਤੇ ਇਲਜ਼ਾਮ

Last Updated: Jun 13 2019 17:25
Reading time: 1 min, 25 secs

ਅੱਜਕੱਲ੍ਹ ਬਠਿੰਡਾ ਜ਼ਿਲ੍ਹਾ ਖੁਦਕੁਸ਼ੀਆਂ ਦਾ ਜ਼ਿਲ੍ਹਾ ਬਣਿਆ ਪਿਆ ਹੈ। ਆਏ ਦਿਨ ਕਿਸਾਨ, ਨੌਜਵਾਨ ਜਾਂ ਕਿਸੇ ਔਰਤ ਦੀ ਖ਼ੁਦਕੁਸ਼ੀ ਦੀ ਖ਼ਬਰ ਸਾਡੇ ਤੱਕ ਪਹੁੰਚਦੀ ਹੈ। ਐਨੀਆਂ ਖੁਦਕੁਸ਼ੀਆਂ ਪੰਜਾਬ ਦੇ ਕਿਸੇ ਵੀ ਹੋਰ ਜ਼ਿਲ੍ਹੇ ਵਿੱਚ ਨਹੀਂ ਹੋ ਰਹੀਆਂ ਜਿੰਨੀਆਂ ਜ਼ਿਲ੍ਹਾ ਬਠਿੰਡਾ ਵਿੱਚ ਹੋ ਰਹੀਆਂ ਹਨ। ਬੀਤੀ ਰਾਤ ਰਾਮਪੁਰਾ ਫੂਲ ਦੇ ਉੱਘੇ ਟ੍ਰਾਂਸਪੋਰਟਰ ਅਜਾਇਬ ਸਿੰਘ ਧਿੰਗੜ ਵੱਲੋਂ ਘਰ ਪਈਆਂ ਜ਼ਹਿਰੀਲੀਆਂ ਗੋਲੀਆਂ ਖ਼ਾਕੇ ਖ਼ੁਦਕੁਸ਼ੀ ਕਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਾਇਬ ਸਿੰਘ ਧਿੰਗੜ ਨੇ ਆਪਣੀ ਬੇਟੀ ਦਾ ਵਿਆਹ ਪਿਛਲੇ ਸਾਲ ਮਾਰਚ ਮਹੀਨੇ ਬਰਨਾਲਾ ਦੇ ਕਰਨਤੇਜ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਕੀਤਾ ਸੀ। ਇਸ ਵਿਆਹ ਤੇ ਕਰੀਬ 36 ਲੱਖ ਰੁਪਈਏ ਦਾ ਖਰਚਾ ਕੀਤਾ ਗਿਆ ਪਰ ਵਿਆਹ ਦੇ ਕੁਝ ਦਿਨ ਬਾਅਦ ਦਾਜ ਦੇ ਲਾਲਚ ਵਿੱਚ ਅਜਾਇਬ ਸਿੰਘ ਧਿੰਗੜ ਦੀ ਧੀ ਦੇ ਸਹੁਰਾ ਪਰਿਵਾਰ ਨੇ 5 ਲੱਖ ਰੁਪਈਏ ਦੀ ਹੋਰ ਮੰਗ ਕੀਤੀ ਤਾਂ ਅਜਾਇਬ ਸਿੰਘ ਨੇ ਆਪਣੇ ਮਿੱਤਰ ਨਿਰਮਲ ਸਿੰਘ ਨਾਲ ਜਾ ਕੇ ਆਪਣੀ ਧੀ ਦੇ ਸਹੁਰਾ ਘਰ ਜਾ ਕੇ ਦੋ ਲੱਖ ਰੁਪਈਏ ਆਪਣੀ ਧੀ ਦੇ ਸਹੁਰਾ ਸਤਨਾਮ ਸਿੰਘ ਨੂੰ ਦੇ ਦਿੱਤੇ।

ਇਸ ਤੋਂ ਬਾਅਦ ਅਜਾਇਬ ਸਿੰਘ ਦੀ ਧੀ ਦੇ ਇੱਕ ਲੜਕੀ ਦਾ ਜਨਮ ਹੋਇਆ ਤੇ ਧੀ ਦੇ ਸਹੁਰੇ ਲੜਕੀ ਦੇ ਜਨਮ ਤੋਂ ਬਾਅਦ ਆਪਣੇ ਘਰ ਲੈ ਗਏ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਹੋਰ 10 ਲੱਖ ਦੀ ਮੰਗ ਕੀਤੀ। ਇਸ ਮੰਗ ਦੇ ਚਲਦਿਆਂ ਅਜਾਇਬ ਸਿੰਘ ਦੀ ਧੀ ਨਾਲ ਉਸ ਦੇ ਸਹੁਰੇ ਕੁੱਟਮਾਰ ਕਰਦੇ ਰਹਿੰਦੇ ਸਨ ਜਿਸ ਕਰਕੇ ਅਜਾਇਬ ਸਿੰਘ ਮਾਨਸਿਕ ਤਣਾਅ ਵਿੱਚ ਰਹਿਣ ਲੱਗੇ ਅਤੇ ਬੀਤੀ ਰਾਤ ਉਨ੍ਹਾਂ ਨੇ ਘਰ ਵਿੱਚ ਪਈਆਂ ਜ਼ਹਿਰੀਲੀਆਂ ਗੋਲੀਆਂ ਖ਼ਾਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਿਟੀ ਰਾਮਪੁਰਾ ਫੂਲ ਦੇ ਥਾਣਾ ਮੁਖੀ ਗੌਰਬਵੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਟਰੱਕ ਯੂਨੀਅਨ ਰਾਮਪੁਰਾ ਦੇ ਮੈਂਬਰਾਂ ਨੇ ਥਾਣਾ ਸਿਟੀ ਮੂਹਰੇ ਧਰਨਾ ਲਾਕੇ ਮੰਗ ਕੀਤੀ ਕਿ ਅਜਾਇਬ ਸਿੰਘ ਧਿੰਗੜ ਦੀ ਬੇਟੀ ਦੇ ਸਹੁਰਾ ਪਰਿਵਾਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।