ਮਰੀਜ਼ਾਂ ਨੂੰ ਜੈਨੇਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ ਸਰਕਾਰੀ ਡਾਕਟਰ- ਸਿਹਤ ਮੰਤਰੀ ਸਿੱਧੂ

Last Updated: Jun 13 2019 16:55
Reading time: 1 min, 59 secs

ਦਵਾਈਆਂ ਖਰੀਦਣ 'ਚ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਅਤੇ ਮਰੀਜ਼ਾਂ ਨੂੰ ਵਾਜਬ ਰੇਟਾਂ ਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਫ਼ੇਜ਼-6 ਸਥਿਤ ਦਫਤਰ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਿਹਤ ਮੰਤਰੀ ਸਿੱਧੂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਿਰਦੇਸ਼ ਜਾਰੀ ਕੀਤੇ ਕਿ ਸਰਕਾਰੀ ਡਾਕਟਰ ਮਰੀਜ਼ਾਂ ਨੂੰ ਜੈਨੇਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ ਤਾਂ ਕਿ ਮਰੀਜ਼ਾਂ ਨੂੰ ਵਾਜਬ ਰੇਟਾਂ ਤੇ ਦਵਾਈਆਂ ਮਿਲ ਸਕਣ। ਇਸਦੇ ਨਾਲ ਹੀ ਸਮੂਹ ਜ਼ਿਲ੍ਹਾ ਹਸਪਤਾਲਾਂ 'ਚ 25 ਜੂਨ ਤਕ ਜਨ ਔਸ਼ਧੀ ਸੈਂਟਰ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਕਿ ਗਰੀਬਾਂ ਦੀ ਲੁੱਟ ਨਾ ਹੋਵੇ।

ਮੀਟਿੰਗ ਸ਼ੁਰੂ ਹੁੰਦੇ ਹੀ ਮੀਟਿੰਗ ਦੌਰਾਨ ਅੰਗਰੇਜ਼ੀ 'ਚ ਰੱਖੇ ਗਏ ਏਜੰਡੇ ਨੂੰ ਦੇਖਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਭੜਕ ਉੱਠੇ ਅਤੇ ਏਜੰਡੇ ਸਬੰਧੀ ਸਿਹਤ ਅਧਿਕਾਰੀਆਂ ਦੀ ਖੂਬ ਝਾੜ-ਝੰਬ ਕੀਤੀ ਅਤੇ ਭਵਿੱਖ 'ਚ ਮੀਟਿੰਗ ਦਾ ਏਜੰਡਾ ਪੰਜਾਬੀ ਭਾਸ਼ਾ 'ਚ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸਿਹਤ ਮੰਤਰੀ ਸਿੱਧੂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਨਸ਼ੇ ਦੇ ਤੌਰ ਤੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦਵਾਈਆਂ ਜਦੋਂ ਸਰਕਾਰੀ ਹਸਪਤਾਲਾਂ ਵਿੱਚੋਂ ਮਿਲਣ ਤਾਂ ਉਸਦੇ ਪੱਤੇ ਦਾ ਰੰਗ ਬਾਜ਼ਾਰ 'ਚ ਮਿਲਦੀ ਉਸਦੇ ਨਾਲ ਦੀ ਦਵਾਈ ਦੇ ਪੱਤੇ ਨਾਲੋਂ ਅਲੱਗ ਹੋਵੇ ਤਾਂ ਕਿ ਫੜੇ ਜਾਣ ਤੇ ਪਤਾ ਲੱਗ ਸਕੇ ਕਿ ਕੀ ਇਹ ਦਵਾਈ ਸਰਕਾਰੀ ਹਸਪਤਾਲ ਵਿੱਚੋਂ ਤਾਂ ਨਹੀਂ ਆਈ। ਉਨ੍ਹਾਂ ਨੇ ਇਸ ਸਬੰਧ 'ਚ ਅਧਿਕਾਰੀਆਂ ਨੂੰ ਸਪਲਾਇਰਾਂ ਨਾਲ ਗੱਲਬਾਤ ਕਰਨ ਦੀ ਤਾਕੀਦ ਕੀਤੀ।

ਸਿਹਤ ਮੰਤਰੀ ਬਲਬੀਰ ਸਿੱਧੂ ਅਧਿਕਾਰੀਆਂ ਨੂੰ ਸਪਸ਼ਟ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸਸਤੇ ਭਾਅ ਤੇ ਸਾਲ ਭਰ ਦਵਾਈਆਂ ਮਿਲਣੀਆਂ ਯਕੀਨੀ ਬਣਾਈਆਂ ਜਾਣ। ਇਸਦੇ ਨਾਲ ਹੀ ਆਦੇਸ਼ ਦਿੱਤਾ ਕਿ ਸੂਬਾ ਪੱਧਰ ਤੇ ਪਹਿਲਾਂ ਦਵਾਈਆਂ ਦੀ ਕੀਮਤ ਤੈਅ ਹੋਵੇ, ਉਸ ਤੋਂ ਬਾਅਦ ਜ਼ਿਲ੍ਹਿਆਂ ਵਿੱਚ ਉਸੇ ਕੀਮਤ ਤੇ ਦਵਾਈਆਂ ਖਰੀਦੀਆਂ ਜਾਣ ਤਾਂ ਕਿ ਕਿਸੇ ਵੀ ਥਾਂ ਵੱਧ ਕੀਮਤ ਨਾ ਦਿੱਤੀ ਜਾਣੀ ਪਵੇ। ਇਸ ਤੋਂ ਇਲਾਵਾ ਬਾਇਓ ਮੈਡੀਕਲ ਵੇਸਟ ਦਾ ਨਿਪਟਾਰਾ ਸਹੀ ਤਰੀਕੇ ਨਾਲ ਕਰਨ ਅਤੇ ਇਸਤੇ ਆਉਂਦੇ ਖਰਚ 'ਚ ਕਮੀ ਲਿਆਉਣ ਦੀ ਹਦਾਇਤ ਦੇ ਨਾਲ ਕਿਹਾ ਕਿ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ 'ਚ ਪ੍ਰਬੰਧ ਮੁਕੰਮਲ ਕੀਤੇ ਜਾਣ। ਮੀਟਿੰਗ ਦੌਰਾਨ ਅਸਿਸਟੈਂਟ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਤੀਸ਼ ਚੰਦਰਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਮੈਨੇਜਿੰਗ ਡਾਇਰੈਕਟਰ ਅਮਿਤ ਕੁਮਾਰ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।