ਨਾੜ ਨੂੰ ਖੇਤਾਂ ਵਿੱਚ ਵਹਾਉਣ ਨਾਲ ਫ਼ਸਲ ਦਾ ਝਾੜ ਵੱਧ ਨਿਕਲਦਾ ਹੈ- ਕਿਸਾਨ ਬਿਕਰਮਜੀਤ ਸਿੰਘ

Last Updated: Jun 13 2019 15:50
Reading time: 2 mins, 13 secs

ਪਿੰਡ ਕਾਹਲਾਂਵਾਲੀ ਜ਼ਿਲ੍ਹਾ ਗੁਰਦਾਸਪੁਰ ਦਾ ਸਫਲ ਕਿਸਾਨ ਬਿਕਰਮਜੀਤ ਸਿੰਘ ਪਿਛਲੇ 8 ਸਾਲਾਂ ਤੋਂ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਲਗਾਏ ਬਗੈਰ ਖੇਤੀ ਕਰਕੇ ਆਪਣੇ ਨੇੜਲੇ ਪਿੰਡਾਂ ਦੇ ਕਿਸਾਨਾਂ ਲਈ ਮਿਸਾਲ ਬਣਿਆ ਤੇ ਉਸਦਾ ਕਹਿਣਾ ਹੈ ਕਿ ਜਦ ਤੋਂ ਉਸ ਨੇ ਨਾੜ ਨੂੰ ਅੱਗ ਨਹੀਂ ਲਗਾਈ ਉਸਦੀ ਫ਼ਸਲ ਦਾ ਝਾੜ ਅੱਗੇ ਨਾਲੋਂ ਵਧਿਆ ਹੈ ਤੇ ਖਰਚਾ ਵੀ ਘਟਿਆ ਹੈ। ਸਰਹੱਦੀ ਇਲਾਕੇ ਦੇ ਸਫਲ ਕਿਸਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੀ ਸੁਯੋਗ ਅਗਵਾਈ ਹੇਠ ਉਸ ਨੇ ਆਪਣੇ 15 ਏਕੜ ਖੇਤ ਵਿੱਚ ਪਿਛਲੇ ਅੱਠ ਸਾਲਾਂ ਤੋਂ ਨਾੜ ਨੂੰ ਅੱਗ ਨਹੀਂ ਲਗਾਈ ਹੈ, ਜਿਸ ਨਾਲ ਉਸ ਨੂੰ ਜਿੱਥੇ ਆਰਥਿਕ ਤੌਰ ਤੇ ਫ਼ਾਇਦਾ ਹੋ ਰਿਹਾ ਹੈ ਉੱਥੇ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੀ ਯੋਗਦਾਨ ਪਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਜਦ ਉਹ ਨਾੜ ਨੂੰ ਅੱਗ ਲਗਾਉਂਦਾ ਸੀ ਤਾਂ ਪਾਣੀ, ਖਾਦ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵਧੇਰੇ ਕਰਨੀ ਪੈਂਦੀ ਸੀ। ਕਣਕ ਨੂੰ ਪਹਿਲੀ ਵਾਰ ਪਾਣੀ ਲਗਾਉਣ ਨਾਲ ਕਣਕ ਪੀਲੀ ਪੈ ਜਾਂਦੀ ਸੀ ਤੇ ਉਸ ਨੂੰ ਖਾਦ ਵੱਧ ਪਾਉਣੀ ਪੈਂਦੀ ਸੀ। ਫ਼ਸਲ ਤੇ ਤੇਲਾ ਨਾਮ ਦੀ ਬਿਮਾਰੀ ਪੈਣ ਕਾਰਨ ਕੀਟਨਾਸ਼ਕ ਸਪਰੇਅ ਕਰਨੀ ਪੈਂਦੀ ਸੀ।

ਉਸ ਨੇ ਅੱਗੇ ਦੱਸਿਆ ਕਿ ਜਦ ਤੋਂ ਉਸ ਨੇ ਨਾੜ ਨੂੰ ਅੱਗ ਨਹੀਂ ਲਗਾਈ ਉਸ ਨੂੰ ਫ਼ਾਇਦਾ ਹੋਇਆ ਤੇ ਝਾੜ ਵੀ ਵਧਿਆ ਹੈ। ਨਾੜ ਨੂੰ ਜ਼ਮੀਨ ਵਿੱਚ ਵਹਾ ਦੇਣ ਨਾਲ ਖਾਦ ਘੱਟ ਤੇ ਸਪਰੇਅ ਵੀ ਬਹੁਤ ਘੱਟ ਮਾਤਰਾ ਵਿੱਚ ਕਰਨ ਦੀ ਲੋੜ ਪੈਂਦੀ ਹੈ। ਜਦ ਫ਼ਸਲ ਤੇ ਤੇਲਾ ਦੀ ਬਿਮਾਰੀ ਹੁੰਦੀ ਹੈ ਤਾਂ ਉਹ ਸਪਰੇਅ ਨਹੀਂ ਕਰਦਾ ਸਗੋਂ ਮਿੱਤਰ ਕੀੜੇ ਹੀ ਬਿਮਾਰੀ ਨੂੰ ਖ਼ਤਮ ਕਰ ਦਿੰਦੇ ਹਨ। ਉਸ ਨੇ ਦੱਸਿਆ ਕਿ ਹੈਪੀਸੀਡਰ ਤੇ ਰੋਟਾਵੋਟਰ ਨਾਲ ਨਾੜ ਨੂੰ ਜ਼ਮੀਨ ਵਿੱਚ ਵਹਾਅ ਦਿੱਤਾ ਜਾਂਦਾ ਹੈ ਤੇ ਅਗਲੀ ਫ਼ਸਲ ਬੀਜਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਹੈ। ਉਸ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਮਨ ਬਣਾਉਣ ਪਵੇਗਾ ਕਿ ਉਹ ਨਾੜ ਨੂੰ ਅੱਗ ਨਹੀਂ ਲਗਾਉਣਗੇ ਤੇ ਨਵੀਂ ਤਕਨੀਕ ਰਾਹੀਂ ਖੇਤੀ ਕਰਨ ਨੂੰ ਤਰਜੀਹੀ ਦੇਣੀ ਸਮੇਂ ਦੀ ਲੋੜ ਹੈ। ਉਸ ਨੇ ਦੱਸਿਆ ਕਿ ਰੋਟਾਵੇਟਰ ਲਈ ਕਰੀਬ 15 ਰੁਪਏ ਪ੍ਰਤੀ ਏਕੜ ਕਿਰਾਇਆ, ਰੋਟਾਵੇਟਰ ਲਈ 1000 ਰੁਪਏ ਤੇ ਮਲਚਰ ਲਈ 1200 ਰੁਪਏ ਕਿਰਾਇਆ ਹੈ। 

ਕਿਸਾਨ ਨੇ ਕਿਹਾ ਕਿ ਉਸਦਾ ਮੰਨਣਾ ਹੈ ਕਿ ਕਿਸਾਨ ਘਬਰਾਉਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਖਰਚਾ ਵੀ ਵਧੇਗਾ ਤੇ ਸ਼ਾਇਦ ਝਾੜ ਵੀ ਘੱਟ ਨਿਕਲੇ। ਪਰ ਪਰਾਲੀ ਨੂੰ ਅੱਗ ਲਗਾਉਣ ਤੋਂ ਬਗੈਰ ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਨਾਲ ਨਾ ਤਾਂ ਕੋਈ ਖਰਚਾ ਵੱਧ ਲੱਗਦਾ ਹੈ ਅਤੇ ਨਾ ਹੀ ਝਾੜ ਘੱਟ ਨਿਕਲਦਾ ਹੈ। ਸਗੋਂ ਫ਼ਸਲ ਦਾ ਝਾੜ ਵਧਦਾ ਹੈ। ਉਸ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਨ੍ਹਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਨਾੜ ਨੂੰ ਅੱਗ ਨਾ ਲਗਾਉਣ ਤੇ ਜਿੱਥੇ ਮਿੱਤਰ ਕੀੜੇ ਫ਼ਸਲ ਲਈ ਸਹਾਈ ਹੁੰਦੇ ਹਨ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।