ਬਿਜਲੀ ਰੇਟ ਵਧਾ ਕੇ ਮਾਰਿਆ ਜਨਤਾ ਦੀ ਜੇਬ 'ਤੇ ਡਾਕਾ, ਪਰ ਨਾ ਮਿਲੀ ਕੱਟਾਂ ਤੋਂ ਰਾਹਤ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 13:17
Reading time: 2 mins, 42 secs

ਜਦੋਂ ਤੋਂ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੀ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ 5-6 ਵਾਰ ਬਿਜਲੀ ਦਰਾਂ ਵਿੱਚ ਵਾਧੇ ਕਰ ਦਿੱਤੇ ਗਏ ਹਨ। ਜਿਸ ਦਾ ਨੁਕਸਾਨ ਹਰ ਵਰਗ ਨੂੰ ਹੀ ਹੋਇਆ ਹੈ, ਪਰ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈ ਰਿਹਾ। ਕਿਉਂਕਿ ਸਰਕਾਰ ਤੋਂ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਮੰਤਰੀ ਅਤੇ ਵਿਧਾਇਕ ਗੈੱਸ ਸਿਲੰਡਰ ਆਦਿ 'ਤੇ ਸਬਸਿਡੀ ਲੈਣ ਤੋਂ ਇਲਾਵਾ ਕਈ 'ਐਸ. ਸੀ.' ਵਿਧਾਇਕ ਬਿਜਲੀ ਵੀ ਮੁਫ਼ਤ ਲੈ ਰਹੇ ਹਨ। 

ਦੱਸ ਦੇਈਏ ਕਿ ਪੰਜਾਬ ਦੇ ਅੰਦਰ ਭਾਰੀ ਗਰਮੀ ਦੇ ਕਾਰਨ ਜਿੱਥੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ, ਉੱਥੇ ਹੀ ਗਰਮੀ ਦੇ ਮੌਸਮ ਵਿੱਚ ਮੀਂਹ ਨਾ ਪੈਣ ਦੇ ਕਾਰਨ ਬਿਜਲੀ ਦੀ ਖਪਤ ਕਾਫ਼ੀ ਜ਼ਿਆਦਾ ਵੱਧ ਚੁੱਕੀ ਹੈ। ਲੋਕ ਤਾਂ ਅੱਜ ਕੱਲ੍ਹ ਇਹ ਹੀ ਕਹਿੰਦੇ ਨਜ਼ਰੀ ਆ ਰਹੇ ਹਨ ਕਿ 'ਸਰਕਾਰ ਜੀ, ਬਿਜਲੀ ਦੇ ਰੇਟ ਤਾਂ ਵਧਾ ਦਿੱਤੇ, ਹੁਣ ਤਾਂ ਬਿਜਲੀ ਪੂਰੀ ਦੇ ਦਿਆਂ ਕਰੋ''। ਦਰਅਸਲ, ਲੋਕਾਂ ਦੀ ਮੰਗ ਵੀ ਜਾਇਜ਼ ਹੈ ਕਿ ਜਦੋਂ ਸਰਕਾਰ ਨੇ ਬਿਜਲੀ ਦੇ ਰੇਟਾਂ ਵਿੱਚ ਹੀ ਵਾਧਾ ਕਰ ਦਿੱਤਾ ਤਾਂ ਫਿਰ ਬਿਜਲੀ ਤਾਂ ਲੋਕਾਂ ਨੂੰ ਪੂਰੀ ਮਿਲਣੀ ਚਾਹੀਦੀ ਹੈ। 

ਦੱਸ ਦੇਈਏ ਕਿ ਬਿਜਲੀ ਕੱਟਾਂ ਤੋਂ ਰਾਹਤ ਨਾ ਮਿਲਣ ਦੇ ਕਾਰਨ ਲੋਕ ਪੰਜਾਬ ਦੀ ਕੈਪਟਨ ਸਰਕਾਰ ਨੂੰ ਕੋਸਦੇ ਨਜ਼ਰੀ ਆ ਰਹੇ ਹਨ ਅਤੇ ਅਕਾਲੀਆਂ ਦੇ ਵਾਂਗ ਕਾਂਗਰਸ ਸਰਕਾਰ ਨੂੰ ਵੀ ਪੰਜਾਬ ਵਿਰੋਧੀ ਕਹਿ ਕੇ ਲੋਕ ਪੁਕਾਰ ਰਹੇ ਹਨ। ਵੇਖਿਆ ਜਾਵੇ ਤਾਂ ਸਰਕਾਰ ਨੂੰ ਰਤਾ ਵੀ ਸ਼ਰਮ ਨਹੀਂ ਆਉਂਦੀ ਕਿ ਇੱਕ ਪਾਸੇ ਤਾਂ ਬਿਜਲੀ ਦੇ ਰੇਟ ਇਸ ਕਦਰ ਵਧਾ ਦਿੱਤੇ ਕਿ ਗ਼ਰੀਬ ਬੰਦਾ ਬਿੱਲ ਵੀ ਨਹੀਂ ਭਰ ਸਕਦਾ ਅਤੇ ਦੂਜੇ ਪਾਸੇ ਬਿਜਲੀ ਦੇ ਰੇਟ ਵਿੱਚ ਵਾਧਾ ਕਰਨ ਤੋਂ ਬਾਅਦ ਬਿਜਲੀ ਦੇ ਕੱਟ ਇਸ ਤਰ੍ਹਾਂ ਲੱਗ ਰਹੇ ਹਨ, ਜਿਵੇਂ ਲੋਕ ਬਿੱਲ ਭਰਦੇ ਹੀ ਨਾ ਹੋਣ। 

ਲੋਕਾਂ ਦੀ ਮੰਨੀਏ ਤਾਂ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਜਦੋਂ ਤੋਂ ਆਈ ਹੈ, ਉਦੋਂ ਤੋਂ 5-6 ਵਾਰ ਬਿਜਲੀ ਬਿੱਲਾਂ ਵਿੱਚ ਵਾਧਾ ਹੋ ਚੁੱਕਿਆ ਹੈ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਕਾਂਗਰਸ ਸਰਕਾਰ ਬਿਜਲੀ ਦਰਾਂ ਵਿੱਚ ਤਾਂ ਵਾਧੇ ਕਰਦੇ ਚਲੀ ਗਈ, ਪਰ ਬਿਜਲੀ ਦੇ ਕੱਟ ਵੀ ਜਾਰੀ ਰੱਖ ਕੇ ਲੋਕਾਂ ਨਾਲ ਕਥਿਤ ਤੌਰ 'ਤੇ ਧੋਖਾ ਕੀਤਾ ਜਾ ਰਿਹਾ ਹੈ। ਗਰਮੀ ਦੇ ਮੌਸਮ ਵਿੱਚ 8-9 ਘੰਟੇ ਦੇ ਲੱਗ ਰਹੇ ਕੱਟਾਂ ਕਾਰਨ ਲੋਕਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਪ੍ਰਤੀ ਭਾਰੀ ਰੋਸ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਵੇਲੇ ਬਿਜਲੀ ਪੂਰੀ ਮਿਲਦੀ ਸੀ। 

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਪਿੰਡਾਂ ਦੇ ਵਿੱਚ ਰਾਤ ਸਮੇਂ ਬਿਜਲੀ ਕੱਟਾਂ ਦੇ ਕਾਰਨ ਲੋਕਾਂ ਨੂੰ ਜਿੱਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਗਰਮੀ ਵਿੱਚ ਮੱਛਰਾਂ ਦੀ ਗਿਣਤੀ ਵਧਣ ਦੇ ਕਾਰਨ ਲੋਕਾਂ ਦਾ ਜਿਊਣਾ ਮੋਹਾਲ ਹੋਇਆ ਪਿਆ ਹੈ। ਮੱਛਰ ਕੱਟਣ ਦੇ ਕਾਰਨ ਜਿੱਥੇ ਲੋਕ ਮਲੇਰੀਆ ਅਤੇ ਡੇਂਗੂ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਗਰਮੀ ਦੇ ਵਿੱਚ ਲੋਕਾਂ ਨੂੰ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਲੋਕ ਕਈ ਵਾਰ ਬਿਜਲੀ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ। 

ਪਰ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਜਾਣਕਾਰਾਂ ਮੁਤਾਬਿਕ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵਲੋਂ ਪੰਜਾਬ ਦੇ ਪਿੰਡਾਂ ਵਿੱਚ 24 ਘੰਟੇ ਬਿਜਲੀ ਸਪਲਾਈ ਪਹੁੰਚਾਉਣ ਦੇ ਲਈ ਪਿੰਡਾਂ ਵਿੱਚ ਟਰਾਂਸਫ਼ਾਰਮਰ ਅਤੇ ਬਿਜਲੀ ਦੇ ਖੰਬੇ ਆਦਿ ਲਗਾ ਕੇ ਕੰਮ ਕੰਪਲੀਟ ਕਰਵਾਇਆ ਸੀ। ਜਿਸ ਦੇ ਚੱਲਦਿਆਂ ਅਕਾਲੀਆਂ ਦੇ ਰਾਜ ਸਮੇਂ ਤਾਂ ਬਿਜਲੀ ਲਗਭਗ ਠੀਕ ਮਿਲਦੀ ਰਹੀ, ਜਦੋਂਕਿ ਕਾਂਗਰਸ ਦੀ ਸਰਕਾਰ ਦੇ ਆਉਂਦਿਆਂ ਹੀ ਬਿਜਲੀ ਕੱਟਾਂ ਵਧੇਰੇ ਲੱਗਣ ਲੱਗ ਪਏ ਹਨ ਅਤੇ ਬਿਜਲੀ ਦਰਾਂ ਵਿੱਚ ਵੀ ਚੋਖਾ ਵਾਧਾ ਹੋਣ ਦੇ ਕਾਰਨ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।