ਅਬੋਹਰ ਦੇ ਹਾਲਾਤ ਵੇਖਣ ਤੋਂ ਬਾਅਦ ਹੀ ਸਿੱਧੂ ਕਰਨ ਕੋਈ ਦਾਅਵਾ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 12:49
Reading time: 2 mins, 35 secs

ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਵਜਾਰਤ ਦੇ ਵਜੀਰ ਨਵਜੋਤ ਸਿੰਘ ਸਿੱਧੂ ਵਿੱਚਕਾਰ ਰੇੜਕਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਹੁਣ ਤਾਂ ਸਿਆਸੀ ਮਾਹਿਰਾਂ ਦਾ ਇਹ ਤਰਕ ਹੈ ਕਿ ਸਿੱਧੂ ਬੇਹਦ ਅੜਬ 'ਤੇ ਜਿੱਦੀ ਕਿਸਮ ਦਾ ਹੈ ਜਿਸ ਕਰਕੇ ਉਹ ਆਪਣੀ ਅੜੀ ਪੁਗਾ ਕੇ ਹੀ ਦਮ ਲੈਣਗੇ। ਉੱਧਰ ਜੇਕਰ ਗੱਲ ਵਜੀਰ ਓ.ਪੀ.ਸੋਨੀ ਦੀ ਕੀਤੀ ਜਾਵੇ ਤਾਂ ਉਹ ਵੀ ਕੈਪਟਨ ਦੇ ਉਸ ਫ਼ੈਸਲੇ ਦੇ ਖਿਲਾਫ਼ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ ਨਵੀਂ ਜ਼ਿੰਮੇਵਾਰੀ ਨੂੰ ਸੰਭਾਲ ਨਹੀਂ ਰਹੇ ਹਨ ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੈਅ ਕੀਤੀ ਗਈ ਹੈ। ਹੋ ਸਕਦਾ ਹੈ ਕਿ ਸਿੱਧੂ ਤੇ ਸੋਨੀ ਦੀ ਗੱਲ ਹੀ ਇੱਕੋ ਹੋਵੇ?

ਕੈਪਟਨ ਵੱਲੋਂ ਮਹਿਕਮੇ ਬਦਲੇ ਜਾਣ ਕਰਕੇ ਨਰਾਜ਼ ਸਿੱਧੂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਮਿਲੇ ਅਤੇ ਬਤੌਰ ਸਥਾਨਕ ਸਰਕਾਰਾਂ ਦਾ ਮਹਿਕਮੇ ਉਨ੍ਹਾਂ ਕੋਲ ਹੋਣ ਦੌਰਾਨ ਪੰਜਾਬ 'ਚ ਹੋਏ ਵਿਕਾਸ ਕਾਰਜਾਂ ਦਾ ਪੁਰਾ ਚਿੱਠਾ ਉਨ੍ਹਾਂ ਨੇ ਪਾਰਟੀ ਹਾਈਕਮਾਨ ਦੇ ਆਗੂਆਂ ਸਾਹਮਣੇ ਰੱਖਿਆ ਅਤੇ ਆਪਣੇ ਆਪ ਨੂੰ ਪਰਫਾਰਮਰ ਮੰਤਰੀ ਦੱਸ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ, ਪਰ ਪਾਠਕਾਂ ਨੂੰ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਬਤੌਰ ਸਥਾਨਕ ਸਰਕਾਰਾਂ ਦੇ ਮੰਤਰੀ ਹੋਣ ਦੌਰਾਨ ਵਿਕਾਸ ਕਾਰਜ ਹੋਏ, ਜਿਨ੍ਹਾਂ ਦਾ ਦਾਅਵਾ ਸਿੱਧੂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਉਸਦੀ ਅਸਲੀਅਤ ਵੇਖਣੀ ਹੋਵੇ ਤਾਂ ਅਬੋਹਰ ਦਾ ਦੌਰਾ ਕੀਤਾ ਜਾ ਸਕਦਾ ਹੈ ਜੋ ਆਪਣੀ ਕਹਾਣੀ ਆਪ ਬਿਆਨ ਕਰ ਰਿਹਾ ਹੈ।

ਪਾਠਕਾਂ ਨੂੰ ਇੱਥੇ ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ 28 ਅਕਤੂਬਰ 2017 ਨੂੰ ਅਬੋਹਰ ਵਿਖੇ ਆਏ ਸਨ ਅਤੇ ਉਨ੍ਹਾਂ ਨੇ ਅੰਮ੍ਰਿਤ ਯੋਜਨਾ ਤਹਿਤ ਚਲ ਰਹੇ ਕਾਰਜ ਦੀ ਸ਼ੁਰੂਆਤ ਕਰਨ ਮੌਕੇ ਠਾਕਰ ਆਬਾਦੀ ਰੋਡ 'ਤੇ ਇੱਕ ਜਨਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਲਛੇਦਾਰ ਭਾਸ਼ਨ ਦੌਰਾਨ ਆਪਣੇ ਅੰਦਾਜ 'ਚ ਐਲਾਨ ਕੀਤਾ ਸੀ ਕਿ 162 ਕਰੋੜ ਰੁਪਏ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ, ਪਾਇਪਲਾਇਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸੜਕ ਦੀ ਉਸਾਰੀ ਦਾ ਸਾਰਾ ਕੰਮ 4-5 ਮਹੀਨੇ 'ਚ ਮੁਕੰਮਲ ਹੋਣ ਤੋਂ ਬਾਅਦ ਜੱਦ ਉਹ ਉਦਘਾਟਨ ਕਰਨ ਆਉਣਗੇ ਤਾਂ ਇਸ ਸੜਕ 'ਤੇ ਗੱਡੀ ਭਜਾ ਕੇ ਵਿਖਾਉਣਗੇ। ਉਨ੍ਹਾਂ ਦੇ ਇਸ ਦਾਅਵੇ 'ਤੇ ਲੋਕਾਂ ਨੇ ਤਾੜੀ ਠੋਕੀ ਸੀ, ਪਰ ਸਿੱਧੂ ਸਾਹਿਬ ਇੱਕ ਵਾਰੀ ਗਏ ਤਾਂ ਮੁੜ ਕੇ ਦਰਸ਼ਨ ਨਹੀਂ ਦਿੱਤੇ ਅਤੇ ਨਾ ਹੀ ਹੁਣ ਤੱਕ ਉਹ ਕੰਮ ਹੀ ਮੁਕੰਮਲ ਹੋਇਆ ਹੈ। ਇੱਥੋਂ ਪਤਾ ਚਲਦਾ ਹੈ ਕਿ ਲੀਡਰਾਂ ਦੇ ਭਾਸ਼ਨ, ਵਾਅਦੇ ਹਾਥੀ ਦੇ ਦੰਦ ਖਾਣ ਦੇ ਹੋਰ 'ਤੇ ਵਿਖਾਉਣ ਦੇ ਹੋਰ ਵਾਲੀ ਕਹਾਵਤ ਵਾਂਗ ਹਨ।

ਸੂਬਾ ਸਰਕਾਰ ਦੇ ਵਜੀਰ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੌਰਾਨ ਅਬੋਹਰ ਦੇ ਉਨ੍ਹਾਂ ਇਲਾਕਿਆਂ ਦੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਜੋ ਅੱਜ ਕਰੀਬ ਪਾਉਣੇ ਦੋ ਸਾਲ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਠੇਕੇਦਾਰ ਨੇ ਜਿੱਥੇ ਕੰਮ ਸ਼ੁਰੂ ਕੀਤਾ ਉੱਥੇ ਹੀ ਅਧੂਰਾ ਪਿਆ ਹੈ ਅਤੇ ਉਸਦੇ ਮੁਕੰਮਲ ਹੋਣ ਦੀ ਕੋਈ ਉਮੀਦ ਵੀ ਨਜ਼ਰ ਨਹੀਂ ਆ ਰਹੀ ਹੈ ਜਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਅਬੋਹਰ ਦੇ ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅਬੋਹਰ ਉਸੇ ਥਾਂ 'ਤੇ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਥਾਂ 'ਤੇ ਖਖੜੇ ਹੋ ਕੇ ਉਨ੍ਹਾਂ ਵੱਲੋਂ ਕੰਮ ਸ਼ੁਰੂ ਹੋਣ ਤੋ 4-5 ਮਹੀਨੇ ਬਾਅਦ ਗੱਡੀ ਭਜਾਉਣ ਦਾ ਵਾਅਦਾ ਕੀਤਾ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਅਬੋਹਰ ਦੇ ਹਾਲਾਤ ਨੂੰ ਵੇਖਣ ਤੋਂ ਬਾਅਦ ਹੀ ਸਿੱਧੂ ਆਪਣੀ ਕਾਰਜਪ੍ਰਣਾਲੀ ਦਾ ਗੁਣਗਾਨ ਪੰਜਾਬ ਦੇ ਲੋਕਾਂ, ਆਪਣੀ ਪਾਰਟੀ ਹਾਈਕਮਾਨ ਕੋਲ ਗਾਉਣ, ਜਿੱਥੋਂ ਦੀਆਂ ਗਲੀਆਂ, ਸੜਕਾਂ ਦੀ ਸਥਿਤੀ ਹਕੀਕਤ ਦਾ ਸਬੂਤ ਹਨ!

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।