ਪਹਿਲੋਂ ਕਰਜ਼ੇ ਨੇ ਮਾਰੇ, ਹੁਣ ਨਹਿਰੀ ਪਾਣੀ ਨੂੰ ਤਰਸਣ ਵਿਚਾਰੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 12:58
Reading time: 2 mins, 47 secs

ਅੱਜ 13 ਜੂਨ ਨੂੰ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਇੱਕ ਪਾਸੇ ਤਾਂ ਕਿਸਾਨਾਂ ਨੂੰ ਲੇਬਰ ਦੀ ਕਾਫੀ ਜ਼ਿਆਦਾ ਕਮੀ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨਹਿਰੀ ਪਾਣੀ ਅਤੇ ਬਿਜਲੀ ਪੂਰੀ ਨਾ ਮਿਲਣ ਦੇ ਕਾਰਨ ਕਿਸਾਨ ਕਾਫੀ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ ਅਤੇ ਕਿਸਾਨ ਸਰਕਾਰ ਦੀਆਂ ਕਥਿਤ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਭਾਵੇਂ ਹੀ ਸਰਕਾਰ ਦੇ ਵੱਲੋਂ ਕੁਝ ਦਿਨ ਪਹਿਲੋਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਸਾਰੀਆਂ ਨਹਿਰਾਂ ਤੋਂ ਇਲਾਵਾ ਖਾਲਿਆਂ ਦੀ ਸਫ਼ਾਈ ਆਦਿ ਕਰਵਾ ਕੇ ਪਾਣੀ ਛੱਡ ਦਿੱਤਾ ਗਿਆ ਹੈ। 

ਜਦੋਂਕਿ ਸਚਾਈ ਤਾਂ ਇਹ ਹੈ ਕਿ ਬਹੁਤ ਸਾਰੀਆਂ ਨਹਿਰਾਂ ਦੀ ਹਾਲੇ ਸਫ਼ਾਈ ਵੀ ਨਹੀਂ ਹੋਈ, ਪਾਣੀ ਛੱਡਣਾ ਤਾਂ ਦੂਰ ਦੀ ਗੱਲ ਰਹੀ। ਦੱਸ ਦਈਏ ਕਿ ਸਰਕਾਰ ਹਰ ਸਮੇਂ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਤਾਂ ਕਰਦੀ ਨਜ਼ਰੀ ਆਉਂਦੀ ਹੈ, ਪਰ ਕਦੇ ਵੀ ਕਿਸਾਨ ਮਜ਼ਦੂਰ ਦੀ ਹਾਲਤ ਵੱਲ ਨਹੀਂ ਵੇਖਿਆ ਜਾਂਦਾ। ਜਿਸਦੇ ਕਾਰਨ ਕਿਸਾਨ ਮਜਬੂਰਨ ਸੜਕਾਂ 'ਤੇ ਉਤਰ ਆਉਂਦੇ ਹਨ ਅਤੇ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ। ਵੇਖਿਆ ਜਾਵੇ ਤਾਂ ਸਰਕਾਰ ਵੀ ਲੱਗਦੈ ਆਪਣਾ ਵਿਰੋਧ ਕਰਵਾ ਕੇ ਹੀ ਖ਼ੁਸ਼ ਹੈ। 

ਕਿਉਂਕਿ ਕਿਸਾਨਾਂ ਦੇ ਵਿਰੋਧ ਦਾ ਸਰਕਾਰ 'ਤੇ ਭੋਰਾ ਅਸਰ ਨਹੀਂ ਪੈਂਦਾ ਅਤੇ ਸਰਕਾਰ ਹਮੇਸ਼ਾ ਜੋ ਵੀ ਵਾਅਦੇ ਕਿਸਾਨਾਂ ਦੇ ਨਾਲ ਕਰਦੀ ਹੈ, ਉਹ ਵਾਅਦੇ ਪੂਰੇ ਹੀ ਨਹੀਂ ਹੋ ਪਾਉਂਦੇ। ਭਾਵੇਂ ਹੀ ਇਸ ਵਕਤ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਹੇਠ ਜਾ ਚੁੱਕਿਆ ਹੈ ਅਤੇ ਇਸ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਸਰਕਾਰ ਦੇ ਵੱਲੋਂ ਕਿਸਾਨ ਨੂੰ ਮੰਨਿਆ ਜਾ ਰਿਹਾ ਹੈ, ਜਦੋਂਕਿ ਸਚਾਈ ਤਾਂ ਇਹ ਹੈ ਕਿ ਫ਼ੈਕਟਰੀ, ਕਾਰਖ਼ਾਨਿਆਂ ਤੋਂ ਇਲਾਵਾ ਸਰਮਾਏਦਾਰਾਂ ਦੇ ਕਾਰੋਬਾਰਾਂ ਨੂੰ ਤਾਂ ਸਰਕਾਰ ਦੇ ਵੱਲੋਂ ਵੇਖਿਆ ਵੀ ਨਹੀਂ ਜਾਂਦਾ, ਜਿਹੜਾ ਪਾਣੀ ਨੂੰ ਜ਼ਹਿਰੀਲਾ ਕਰਦੇ ਹਨ।

ਦੱਸ ਦਈਏ ਕਿ ਤਾਜ਼ਾ ਜੋ ਸਥਿਤੀ ਬਣੀ ਹੋਈ ਹੈ, ਉਸ ਮੁਤਾਬਿਕ ਨਹਿਰਾਂ ਵਿੱਚ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਅਤੇ ਬਿਜਲੀ ਵਿਭਾਗ ਦੇ ਵੱਲੋਂ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ। ਜਿਸਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਵਿੱਚ ਅੜਿੱਕਾ ਬਣੀ ਬੈਠੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਬੂੰਦ ਵੀ ਪਾਣੀ ਨਾ ਦੇਣ ਦਾ ਲੱਗਦਾ, ਪਲਾਨ ਬਣਾ ਲਿਆ ਗਿਆ ਹੈ। ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਦੇ ਖੇਤਾਂ ਨੂੰ ਨਹਿਰਾਂ ਤੋਂ ਬੂੰਦ ਪਾਣੀ ਨਸੀਬ ਨਹੀਂ ਹੋ ਰਿਹਾ। 

ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਇੱਕ ਪਾਸੇ ਤਾਂ ਇਹ ਬਿਆਨ ਜਾਰੀ ਕੀਤਾ ਜਾ ਰਿਹਾ ਹੈ ਕਿ ਕਿਸਾਨ ਦੇ ਵੱਲੋਂ ਝੋਨਾ ਸੀਜ਼ਨ ਤੋਂ ਪਹਿਲੋਂ ਲਗਾਉਣ ਦੇ ਕਾਰਨ ਪਾਣੀ ਦਾ ਪੱਧਰ ਹੇਠਾਂ ਚਲਾ ਜਾਂਦਾ ਹੈ, ਇਸ ਲਈ ਕਿਸਾਨ ਝੋਨਾ ਲੇਟ ਲਗਾਉਣ। ਸਰਕਾਰ ਦੇ ਵੱਲੋਂ ਪਹਿਲੋਂ ਝੋਨਾ ਲਗਾਉਣ ਦੀ ਤਰੀਕ 20 ਜੂਨ ਨਿਰਧਾਰਿਤ ਕੀਤੀ ਗਈ ਸੀ, ਜਿਸ ਨੂੰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਦਬਾਅ ਹੇਠਾਂ ਆ ਕੇ 13 ਜੂਨ ਤਰੀਕ ਨਿਰਧਾਰਿਤ ਕਰ ਦਿੱਤੀ ਗਈ ਅਤੇ ਦਾਅਵਾ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਪੂਰੇ 8 ਘੰਟੇ ਬਿਜਲੀ ਅਤੇ ਨਹਿਰੀ ਪਾਣੀ ਦਿੱਤਾ ਜਾਵੇਗਾ।
 
ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਦੇ ਵੱਲੋਂ ਇਸ ਵਕਤ ਜਿੱਥੇ ਨਹਿਰੀ ਪਾਣੀ ਨਹੀਂ ਦਿੱਤਾ ਜਾ ਰਿਹਾ, ਉੱਥੇ ਹੀ ਦੂਜੇ ਪਾਸੇ ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਨੂੰ ਮਜਬੂਰ ਹੋਏ ਬੈਠੇ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਪਣੇ ਵਾਅਦੇ ਮੁਤਾਬਿਕ 8 ਘੰਟੇ ਖੇਤੀ ਬਿਜਲੀ ਦੇਣਾ ਕਿਸਾਨਾਂ ਨੂੰ ਯਕੀਨੀ ਬਣਾਵੇ ਅਤੇ ਨਹਿਰੀ ਪਾਣੀ ਵੀ ਜਲਦ ਤੋਂ ਜਲਦ ਛੱਡਿਆ ਜਾਵੇ। ਕਿਸਾਨਾਂ ਦੀ ਮੰਗ ਸੀ ਕਿ ਜਿਹੜੇ ਖਾਲਿਆਂ ਦੀ ਸਫ਼ਾਈ ਆਦਿ ਮਹਿਕਮੇ ਦੇ ਵੱਲੋਂ ਨਹੀਂ ਕਰਵਾਈ ਗਈ, ਉਸ ਦੀ ਤੁਰੰਤ 2-4 ਦਿਨਾਂ ਵਿੱਚ ਸਫ਼ਾਈ ਕਰਵਾ ਕੇ ਪਾਣੀ ਛੱਡਿਆ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।