ਪਾਬੰਦੀਆਂ ਦੇ ਹੁਕਮ ਤਾਂ ਇੰਝ ਜਾਰੀ ਹੁੰਦੇ ਨੇ ਜਿਵੇਂ ''ਚੋਰੀ ਦਾ ਮਾਲ'' ਹੋਵੇ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 12:19
Reading time: 3 mins, 16 secs

ਪੰਜਾਬੀ ਦੀ ਮਸ਼ਹੂਰ ਬੁਝਾਰਤ ਹੈ ਕਿ ''ਝੱਲੀ ਮਗਰ ਭੱਲੀ''। ਇਸ ਦਾ ਮਤਲਬ ਇਹ ਹੈ ਕਿ ਜਿਹੜੇ ਪਾਸੇ ਦੂਜੇ ਤੁਰੇ ਜਾਣਗੇ, ਉਸੇ ਮਗਰ ਹੀ ਅਸੀਂ ਤੁਰੇ ਜਾਵਾਂਗੇ। ਇਸ ਬੁਝਾਰਤ ਤੋਂ ਇੰਝ ਜਾਪਦਾ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਵੀ ਇਸ ਬੁਝਾਰਤ ਦੇ ਤਹਿਤ ਹੀ ਆਪਣੇ ਜ਼ਿਲ੍ਹੇ ਵਿੱਚ ਕੰਮ ਕਰ ਰਿਹਾ ਹੈ। ਕਿਉਂਕਿ ਬਾਕੀ ਜ਼ਿਲ੍ਹਿਆਂ ਦੇ ਅੰਦਰ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਜਾਰੀ ਹੁੰਦੇ ਹੁਕਮਾਂ ਨੂੰ ਵੇਖ ਕੇ ਹਰ ਵਾਰ ਫਿਰੋਜ਼ਪੁਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੀ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ।

ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਨਾ ਕਰਨ ਵਾਲੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਗੈਂਦ ਦੇ ਵੱਲੋਂ ਪਾਬੰਦੀਆਂ ਦੇ ਹੁਕਮ ਤਾਂ ਇੰਝ ਜਾਰੀ ਕਰ ਦਿੱਤੇ ਜਾਂਦੇ ਹਨ, ਜਿਵੇਂ ਇਹ ਪਾਬੰਦੀਆਂ ਦੇ ਹੁਕਮ ਵੀ ''ਚੋਰੀ ਦਾ ਮਾਲ'' ਹੋਵੇ। ਵੇਖਿਆ ਜਾਵੇ ਤਾਂ ਹੁਣ ਤੱਕ ਜਿੰਨੀਂ ਵਾਰ ਵੀ ਪਾਬੰਦੀਆਂ ਦੇ ਹੁਕਮ ਜਾਰੀ ਹੋਏ ਹਨ, ਉਸ ਤੋਂ ਅਗਲੇ ਦਿਨ ਹੀ ਉਕਤ ਪਾਬੰਦੀ ਦੇ ਹੁਕਮਾਂ ਦੀਆਂ ਧੱਜੀਆਂ ਉਡ ਜਾਂਦੀਆਂ ਹਨ। ਵੇਖਿਆ ਜਾਵੇ ਤਾਂ ਅਜਿਹੇ ਪਾਬੰਦੀ ਦੇ ਹੁਕਮਾਂ ਦਾ ਕੀ ਕਰਨਾ, ਜਿਨ੍ਹਾਂ ਦਾ ਕੋਈ ਫ਼ਾਇਦਾ ਹੀ ਨਾ ਹੋਵੇ?

ਦੱਸ ਦਈਏ ਕਿ ਬੀਤੇ ਦਿਨ ਵੀ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਗੈਂਦ ਦੇ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ ਕਰਦਿਆਂ ਹੋਇਆ ਆਦੇਸ਼ ਜਾਰੀ ਕੀਤਾ ਕਿ ਜਿਹੜਾ ਵੀ ਹੁਕਮਾਂ ਦੀ ਉਲੰਘਨਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਗੈਂਦ ਨੂੰ ਕੌਣ ਸਮਝਾਵੇਂ ਕਿ ਜਿਹੜੇ ਹੁਕਮ ਤੁਸੀਂ ''ਚੰਦ'' ਕੁ ਦਿਨ ਪਹਿਲੋਂ ਜਾਰੀ ਕੀਤੇ ਸੀ, ਉਨ੍ਹਾਂ 'ਤੇ ਕੀ ਕਾਰਵਾਈ ਕੀਤੀ? ਇਸ ਦੇ ਬਾਰੇ ਵਿੱਚ ਕੁਝ ਸਪਸ਼ਟ ਤਾਂ ਕੀਤਾ ਜਾਵੇ।

ਦਰਅਸਲ, ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ ਜੋ ਬੀਤੇ ਕੱਲ੍ਹ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ, ਉਨ੍ਹਾਂ ਦੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੱਦੇ-ਨਜ਼ਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਜਾਂ ਜਨਤਕ ਥਾਵਾਂ ਤੇ ਮੀਟਿੰਗਾਂ ਕਰਨ, ਨਾਅਰੇ ਲਾਉਣ, ਜਲੂਸ ਕੱਢਣ ਅਤੇ ਭੜਕਾਊ ਪ੍ਰਚਾਰ ਕਰਨ ਅਤੇ ਜਨਤਕ ਥਾਵਾਂ ਤੇ ਉਤੇਜਕ ਸ਼ਬਦ ਇਸਤੇਮਾਲ ਕਰਨ ਦੀ ਮਨਾਹੀ ਦੇ ਹੁਕਮ, ਸ਼ਹਿਰ ਵਿੱਚ ਚੱਲਦੇ ਸਾਈਕਲ, ਰਿਕਸ਼ਾ, ਟਰੈਕਟਰ-ਟਰਾਲੀ, ਰੇਹੜੀ ਅਤੇ ਅਜਿਹੀਆਂ ਹੀ ਹੋਰ ਗੱਡੀਆਂ ਜਿਨ੍ਹਾਂ ਦੇ ਅੱਗੇ-ਪਿੱਛੇ ਲਾਈਟਾਂ ਨਹੀਂ ਹਨ, ਅਜਿਹੇ ਵਾਹਨਾਂ ਨੂੰ ਰਿਫ਼ਲੈਕਟਰ ਤੋਂ ਬਿਨਾਂ ਚੱਲਣ 'ਤੇ ਰੋਕ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਆਮ ਨਾਗਰਿਕਾਂ ਵੱਲੋਂ ਦੋ ਪਹੀਆਂ ਵਾਹਨਾਂ ਨੂੰ ਚਲਾਉਣ ਲਈ ਮੂੰਹ ਤੇ ਕੱਪੜਾ ਬੰਨ੍ਹ/ਮੂੰਹ ਢੱਕ ਕੇ ਚਲਾਉਣ 'ਤੇ ਪਾਬੰਦੀ, ਜ਼ਿਲ੍ਹੇ ਅੰਦਰ ਦੋ ਪਹੀਆਂ ਵਹੀਕਲਾਂ ਤੇ ਵੱਖ-ਵੱਖ ਆਵਾਜ਼ਾਂ ਵਾਲੇ ਹਾਰਨ ਅਤੇ ਵਹੀਕਲਾਂ ਦੇ ਸੈਲੰਸਰ ਕੱਢਵਾ ਕੇ ਵੱਖਰੀ ਕਿਸਮ ਦੀਆਂ ਡਰਾਉਣੀਆਂ ਆਵਾਜ਼ਾਂ ਅਤੇ ਪਟਾਕੇ ਵਜਾਉਣ ਤੇ ਪੂਰਨ ਤੌਰ 'ਤੇ ਪਾਬੰਦੀ, ਜ਼ਿਲ੍ਹੇ ਵਿੱਚ ਕੱਢੇ ਜਾਂਦੇ ਲੱਕੀ ਡਰਾਅ ਸਕੀਮਾਂ/ਪ੍ਰਾਈਵੇਟ ਲਾਟਰੀਆਂ/ਕਮੇਟੀਆਂ ਜਿਸ ਵਿੱਚ ਹਫ਼ਤਾਵਾਰੀ ਜਾਂ ਮਹੀਨੇਵਾਰ ਪੈਸੇ ਇਕੱਠੇ ਕਰ ਕੇ ਡਰਾਅ ਕੱਢੇ ਜਾਂਦੇ ਹਨ ਜਾਂ ਡਰਾਅ ਰਾਹੀਂ ਪੈਸੇ/ਇਨਾਮੀ ਵਸਤੂ ਦਿੱਤੀ ਜਾਂਦੀ ਹੈ ਜਾਂ ਬੋਲੀ ਕੀਤੀ ਜਾਂਦੀ ਹੈ, 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹੇ ਅੰਦਰ ਨਾ ਤਾਂ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਵਾਲਿਆਂ 'ਤੇ ਕੋਈ ਕਾਰਵਾਈ ਕੀਤੀ ਹੈ, ਨਾ ਹੀ ਰਿਫ਼ਲੈਕਟਰ ਤੋਂ ਬਿਨਾਂ ਚੱਲਣ ਵਾਲੇ ਵਾਹਨਾਂ 'ਤੇ ਕੋਈ ਰੋਕ ਲਗਾਈ ਹੈ, ਨਾ ਹੀ ਮੂੰਹ 'ਤੇ ਕੱਪੜਾ ਬੰਨ੍ਹ/ਮੂੰਹ ਢੱਕ ਕੇ ਵਾਹਨ ਚਲਾਉਣ ਵਾਲਿਆਂ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਹੈ, ਨਾ ਹੀ ਦੋ ਪਹੀਆਂ ਵਹੀਕਲਾਂ ਤੇ ਵੱਖ-ਵੱਖ ਆਵਾਜ਼ਾਂ ਵਾਲੇ ਹਾਰਨ ਅਤੇ ਵਹੀਕਲਾਂ ਦੇ ਸੈਲੰਸਰ ਕੱਢਵਾ ਕੇ ਵੱਖਰੀ ਕਿਸਮ ਦੀਆਂ ਡਰਾਉਣੀਆਂ ਆਵਾਜ਼ਾਂ ਅਤੇ ਪਟਾਕੇ ਵਜਾਉਣ 'ਤੇ ਕੋਈ ਸਖ਼ਤੀ ਵਰਤੀ ਹੈ ਅਤੇ ਨਾ ਹੀ ਲੱਕੀ ਡਰਾਅ ਸਕੀਮਾਂ/ਪ੍ਰਾਈਵੇਟ ਲਾਟਰੀਆਂ/ਕਮੇਟੀਆਂ ਜਿਸ ਵਿੱਚ ਹਫ਼ਤਾਵਾਰੀ ਜਾਂ ਮਹੀਨੇਵਾਰ ਪੈਸੇ ਇਕੱਠੇ ਕਰ ਕੇ ਡਰਾਅ ਕੱਢੇ ਜਾਂਦੇ ਹਨ ਜਾਂ ਡਰਾਅ ਰਾਹੀਂ ਪੈਸੇ/ਇਨਾਮੀ ਵਸਤੂ ਦਿੱਤੀ ਜਾਂਦੀ ਹੈ ਜਾਂ ਬੋਲੀ ਕੀਤੀ ਜਾਂਦੀ ਹੈ, ਇਨ੍ਹਾਂ 'ਤੇ ਕੋਈ ਕਾਰਵਾਈ ਕੀਤੀ ਹੈ।

ਵੇਖਿਆ ਜਾਵੇ ਤਾਂ ਜਦੋਂ ਕਾਰਵਾਈ ਕੋਈ ਨਹੀਂ ਕਰਨੀ ਤਾਂ ਫਿਰ ਕੀ ਫ਼ਾਇਦਾ ਇਨ੍ਹਾਂ ਪਾਬੰਦੀ ਦੇ ਹੁਕਮਾਂ ਦਾ। ਇੱਥੇ ਸਵਾਲ ਪੈਦਾ ਹੁੰਦੇ ਹਨ ਕਿ ਕੀ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਸਿਰਫ ਤੇ ਸਿਰਫ ਅਖਬਾਰੀ ਸੁਰਖੀਆਂ ਬਣਨ ਦੇ ਵਾਸਤੇ ਅਜਿਹੇ ਪਾਬੰਦੀਆਂ ਦੇ ਹੁਕਮ ਜਾਰੀ ਕਰਦਾ ਹੈ, ਜਾਂ ਫਿਰ ਕੋਈ ਹੋਰ ਕਾਰਨ ਹੈ? ਕੁਲ ਮਿਲਾ ਕੇ ਵੇਖੀਏ ਤਾਂ ਪ੍ਰਸ਼ਾਸਨ ਡਰਾਮੇਬਾਜੀ ਤੋਂ ਇਲਾਵਾ ਕੁਝ ਨਹੀਂ ਕਰਦਾ। ਜੇਕਰ ਪਾਬੰਦੀਆਂ ਦੇ ਹੁਕਮਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਕਰਕੇ ਉਲੰਘਨਾ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਸਰਕਾਰ ਦਾ ਖ਼ਜਾਨਾ ਵੀ ਭਰ ਸਕਦਾ ਹੈ, ਪਰ ਅਫਸੋਸ ਅਜਿਹਾ ਨਹੀਂ ਹੋ ਰਿਹਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।