ਲੱਭੇ ਤੇ ਵੀ ਨਹੀਂ ਲੱਭਦੀ ਮੁਸਾਫ਼ਰਾਂ ਨੂੰ ਰੇਲਵੇ ਸਟੇਸ਼ਨ ਤੇ ਕੰਟੀਨ...(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 11:43
Reading time: 4 mins, 7 secs

ਇਨ੍ਹੀਂ ਦਿਨੀਂ ਸੂਬੇ 'ਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਪਾਰਾ ਕਰੀਬ 47 ਡਿਗਰੀ ਨੂੰ ਛੂ ਗਿਆ ਹੈ। ਅੰਬਰੋਂ ਡਿੱਗ ਰਹੀ ਅੱਗ ਦੇ ਚੱਲਦੇ ਸੂਬੇ 'ਚ ਆਮ ਲੋਕਾਂ ਤੋਂ ਇਲਾਵਾ ਪਸ਼ੂ ਅਤੇ ਪੰਛੀਆਂ ਦਾ ਹਾਲ ਬੇਹਾਲ ਹੈ। ਲੋਕਾਂ ਦਾ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਦੂਬਰ ਬਣ ਚੁੱਕਿਆ ਹੈ ਅਤੇ ਦੁਪਹਿਰ ਹੁੰਦੇ ਤੱਕ ਤਾਂ ਬਾਜ਼ਾਰ ਅਤੇ ਸੜਕਾਂ ਤੋਂ ਰੌਣਕ ਹੀ ਗਾਇਬ ਹੋ ਜਾਂਦੀ ਹੈ ਅਤੇ ਸਥਿਤੀ ਕਰਫਿਊ ਲੱਗੇ ਬਰਾਬਰ ਹੋ ਜਾਂਦੀ ਹੈ। ਮਿਹਨਤ ਮਜ਼ਦੂਰੀ ਕਰਨ ਵਾਲਿਆਂ ਨੂੰ ਘਰ ਦੇ ਗੁਜ਼ਾਰੇ ਲਈ ਘਰਾਂ 'ਚੋਂ ਬਾਹਰ ਨਿਕਲਕੇ ਕੰਮ ਕਰਨਾ ਹੀ ਪੈ ਰਿਹਾ ਹੈ। ਦੂਜੇ ਪਾਸੇ, ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਸੀਜ਼ਨ ਹੋਣ ਦੇ ਚੱਲਦੇ ਟਰੇਨਾਂ 'ਚ ਭੀੜ ਹੱਦੋਂ ਵੱਧ ਹੋਈ ਪਈ ਹੈ। ਲੋਕ ਦੂਰ-ਦਰਾਡੇ ਘੁੰਮਣ ਜਾਣ ਲਈ ਸੜਕੀ ਆਵਾਜਾਈ ਤੋਂ ਇਲਾਵਾ ਟਰੇਨਾਂ 'ਚ ਸਫਰ ਕਰਨਾ ਜਿਆਦਾ ਬਿਹਤਰ ਸਮਝਦੇ ਹਨ। ਪਰ ਅੱਤ ਦੀ ਗਰਮੀ 'ਚ ਟਰੇਨ ਮੁਸਾਫ਼ਰਾਂ ਦਾ ਵੀ ਹਾਲ ਬੇਹਾਲ ਹੋਇਆ ਪਿਆ ਹੈ। ਦੂਜਾ, ਖੰਨਾ ਰੇਲਵੇ ਸਟੇਸ਼ਨ ਤੇ ਖਾਣ-ਪੀਣ ਦੀਆਂ ਵਸਤਾਂ ਵਾਲੀ ਕੋਈ ਕੰਟੀਨ ਨਾ ਹੋਣ ਕਾਰਨ ਟਰੇਨ ਮੁਸਾਫ਼ਰਾਂ ਦੀ ਦਿੱਕਤਾਂ 'ਚ ਦੁੱਗਣਾ ਵਾਧਾ ਹੋ ਜਾਂਦਾ ਹੈ। ਕਈ ਸਾਲਾਂ ਤੋਂ ਸਟੇਸ਼ਨ ਤੇ ਕੰਟੀਨ ਬੰਦ ਪਈ ਹੋਣ ਕਾਰਨ ਮੁਸਾਫ਼ਰਾਂ ਨੂੰ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ। ਪ੍ਰੰਤੂ, ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਲੋਕਾਂ ਦੀ ਸਮੱਸਿਆ ਵੱਲ ਨਜ਼ਰ ਸਵੱਲੀ ਨਹੀਂ ਹੋ ਰਹੀ ਹੈ।
ਰੇਲਵੇ ਸਟੇਸ਼ਨ ਤੇ ਕੀ ਹੈ ਹਾਲ-ਏ-ਸਥਿਤੀ

-ਗਰਮੀ ਤੋਂ ਰਾਹਤ ਦਿਵਾਉਣ ਲਈ ਰੇਲਵੇ ਸਟੇਸ਼ਨ ਦੇ ਦੋਨਾਂ ਪਲੇਟਫ਼ਾਰਮਾਂ ਤੇ ਟਰੇਨ ਮੁਸਾਫ਼ਰਾਂ ਲਈ ਲੱਗੇ ਹੋਏ ਠੰਡੇ ਪਾਣੀ ਵਾਲੇ ਵਾਟਰ ਕੂਲਰ ਵੀ ਸਿਰਫ ਸਫੈਦ ਹਾਥੀ ਬਣ ਕੇ ਰਹਿ ਗਏ ਹਨ। ਕਰੀਬ ਡੇਢ ਕਿਲੋਮੀਟਰ ਲੰਬੇ ਪਲੇਟਫਾਰਮ ਤੇ ਮੁਸਾਫ਼ਰਾਂ ਦੇ ਪਾਣੀ ਪੀਣ ਲਈ ਸਿਰਫ ਇੱਕ-ਇੱਕ ਵਾਟਰ ਕੂਲਰ ਲੱਗੇ ਹੋਣ ਦੇ ਚੱਲਦੇ ਟਰੇਨ ਮੁਸਾਫ਼ਰਾਂ ਦੀ ਜਰੂਰਤਾਂ ਪੂਰੀ ਨਹੀਂ ਕਰ ਪਾ ਰਹੇ ਹਨ। ਸਥਿਤੀ ਇਹ ਹੈ ਕਿ ਪਲੇਟਫਾਰਮ ਨੰ.1 ਤੇ ਵਾਟਰ ਕੂਲਰ ਉਸ ਜਗਾਂ ਤੇ ਲੱਗਿਆ ਹੋਇਆ ਹੈ, ਜੋ ਪਲੇਟਫਾਰਮ ਤੇ ਆ ਕੇ ਰੁਕਣ ਵਾਲੀ ਟਰੇਨ ਦੇ ਆਖਰੀ ਡੱਬੇ ਕੋਲ ਆਉਂਦਾ ਹੈ, ਜਿਸ ਕਾਰਨ ਟਰੇਨ ਮੁਸਾਫਰ ਠੰਡਾ ਪਾਣੀ ਪੀਣ ਦੀ ਇੱਛਾ ਮਨ 'ਚ ਹੀ ਲੈ ਕੇ ਅੱਗੇ ਰਵਾਨਾ ਹੋ ਜਾਂਦੇ ਹਨ।

ਜਦਕਿ ਪਲੇਟਫਾਰਮ ਨੰ.2 ਦੇ ਅੱਧ ਵਿਚਕਾਰ ਲੱਗਿਆ ਵਾਟਰ ਕੂਲਰ ਵੀ ਮੁਸਾਫ਼ਰਾਂ ਦੇ ਲਈ ਕਾਫੀ ਨਹੀਂ ਹੈ। ਰੇਲਵੇ ਸਟੇਸ਼ਨ ਤੇ ਕੰਟੀਨ ਦੀ ਸਹੂਲਤ ਨਾ ਹੋਣ ਅਤੇ ਵਾਟਰ ਕੂਲਰਾਂ ਦੀ ਘਾਟ ਹੋਣ ਕਾਰਨ ਟਰੇਨ ਮੁਸਾਫ਼ਰਾਂ ਨੂੰ ਦਿੱਕਤਾਂ ਸਹਿਣੀਆਂ ਪੈ ਰਹੀਆਂ ਹਨ। ਮਜ਼ਬੂਰੀ 'ਚ ਮੁਸਾਫਰ ਪਲੇਟਫ਼ਾਰਮਾਂ ਤੇ ਬਣੇ ਪਾਣੀ ਵਾਲੀ ਹੱਟਾਂ ਤੇ ਟੂਟੀਆਂ 'ਚੋਂ ਗਰਮ ਪਾਣੀ ਪੀ ਕੇ ਡੰਗ ਟਪਾ ਲੈਂਦੇ ਹਨ। ਦੂਜੇ ਪਾਸੇ ਪ੍ਰਾਈਵੇਟ ਵੈਂਡਰ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਕੋਲਡ ਡਰਿੰਕ ਅਤੇ ਠੰਡੇ ਪਾਣੀ ਵਾਲੀ ਬੋਤਲਾਂ ਵੇਚਕੇ ਖੂਬ ਚਾਂਦੀ ਕੁੱਟ ਰਹੇ ਹਨ।
  
ਕੈਂਟੀਨ ਨਾ ਹੋਣ ਕਾਰਨ ਮੁਸਾਫ਼ਰਾਂ ਨੂੰ ਝੱਲਣੀ ਪੈ ਰਹੀ ਮਾਰ
-ਪਿਛਲੇ ਕਰੀਬ 12 ਸਾਲਾਂ ਤੋਂ ਖੰਨਾ ਰੇਲਵੇ ਸਟੇਸ਼ਨ ਤੇ ਕੋਈ ਕੈਂਟੀਨ ਦੀ ਸੁਵਿਧਾ ਨਾ ਹੋਣ ਕਾਰਨ ਟਰੇਨ ਮੁਸਾਫ਼ਰਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਮੁਸਾਫ਼ਰਾਂ ਦੇ ਨਾਲ ਸਫਰ ਕਰਨ ਵਾਲੇ ਬੱਚਿਆਂ ਵੱਲੋਂ ਖਾਣ ਪੀਣ ਲਈ ਵਸਤਾਂ ਮੰਗਾਂ ਜਾਣ ਤੇ ਮਾਪਿਆਂ ਸਾਹਮਣੇ ਪਹਾੜ ਖੜਾ ਹੋ ਜਾਂਦਾ ਹੈ। ਮਾਪਿਆਂ ਨੂੰ ਬੱਚਿਆਂ ਲਈ ਸਨੈਕਸ, ਬਿਸਕੁਟ, ਟਾਫੀਆਂ ਅਤੇ ਹੋਰ ਖਾਣ ਵਾਲਾ ਸਮਾਨ ਖਰੀਦਣ ਲਈ ਸਟੇਸ਼ਨ ਕੰਪਲੈਕਸ ਤੋਂ ਬਾਹਰ ਜੀ.ਟੀ ਰੋਡ ਵਾਲੀ ਸਾਈਡ ਕੰਨਫੈਕਸ਼ਨਰੀ ਦੁਕਾਨ ਤੇ ਜਾਣਾ ਪੈਂਦਾ ਹੈ। ਸਮਾਨ ਖਰੀਦਣ ਦੇ ਚੱਕਰ 'ਚ ਕਈ ਮੁਸਾਫ਼ਰਾਂ ਦੀ ਟਰੇਨ ਵੀ ਲੰਘ ਜਾਂਦੀ ਹੈ। ਇਸਦੇ ਨਾਲ ਹੀ ਰੇਲਵੇ ਮੁਲਾਜ਼ਮਾਂ ਤੋਂ ਇਲਾਵਾ ਜੀਆਰਪੀ ਅਤੇ ਆਰਪੀਐਫ ਮੁਲਾਜ਼ਮਾਂ ਨੂੰ ਵੀ ਪੀਣ ਲਈ ਚਾਹ ਬਾਹਰੋਂ ਦੁਕਾਨ ਤੋਂ ਮੰਗਵਾਉਣੀ ਪੈਂਦੀ ਹੈ।

ਜਾਣਕਾਰੀ ਮੁਤਾਬਕ ਪਹਿਲਾਂ ਰੇਲਵੇ ਸਟੇਸ਼ਨ ਤੇ ਇੱਕ ਕੈਂਟੀਨ ਹੁੰਦੀ ਸੀ, ਜੋ ਕਿ ਕਰੀਬ 10-12 ਸਾਲਾਂ ਤੋਂ ਬੰਦ ਪਈ ਹੈ। ਕੰਟੀਨ 'ਚ ਪੈ ਰਹੇ ਘਾਟੇ ਦੇ ਚੱਲਦੇ ਠੇਕੇਦਾਰ ਕੰਟੀਨ ਬੰਦ ਕਰਕੇ ਚਲਾ ਗਿਆ ਸੀ। ਉਸ ਸਮੇਂ ਤੋਂ ਬਾਦ ਸਟੇਸ਼ਨ ਤੇ ਕੈਂਟੀਨ ਖੁੱਲ ਨਹੀਂ ਸਕੀ ਹੈ। ਇਸਦੇ ਪਿੱਛੇ ਕੈਂਟੀਨ ਸੰਚਾਲਕ ਨੂੰ ਟੈਂਡਰ ਦੀ ਰਾਸ਼ੀ ਮੁਤਾਬਕ ਬਣਦੀ ਸੇਲ ਅਤੇ ਮੁਨਾਫਾ ਨਾ ਹੋਣਾ ਅਸਲ ਵਜਾਂ ਦੱਸਿਆ ਜਾ ਰਿਹਾ ਹੈ।

ਸਟੇਸ਼ਨ ਤੇ ਅੱਪ ਅਤੇ ਡਾਊਨ ਟਰੈਕ ਦੀਆਂ ਰੁਕਦੀਆਂ ਹਨ 36 ਟਰੇਨਾਂ
-ਉੱਤਰ ਰੇਲਵੇ ਤਹਿਤ ਆਉਂਦੇ ਦਿੱਲੀ-ਅੰਮ੍ਰਿਤਸਰ ਅਤੇ ਜੰਮੂ (ਕੱਟੜਾ) ਰੇਲ ਸੈਕਸ਼ਨ ਦੀ ਮੇਨ ਲਾਈਨ ਤੇ ਪੈਂਦੇ ਖੰਨਾ ਰੇਲਵੇ ਸਟੇਸ਼ਨ ਤੇ ਦੋ ਪੈਸੰਜ਼ਰ ਗੱਡੀਆਂ ਤੋਂ ਇਲਾਵਾ ਕਈ ਪ੍ਰਮੁੱਖ ਐਕਸਪ੍ਰੈਸ ਟਰੇਨਾਂ ਸਮੇਤ ਆਉਣ-ਜਾਣ ਵਾਲੀਆਂ ਕੁੱਲ 36 ਟਰੇਨਾਂ ਦਾ ਸਟਾਪੇਜ਼ ਹੈ। ਜਿਨ੍ਹਾਂ ਵਿੱਚ 18 ਟਰੇਨਾਂ ਅੱਪ ਅਤੇ 18 ਟਰੇਨਾਂ ਡਾਊਨ ਟਰੈਕ ਦੀਆਂ ਰੁਕਦੀਆਂ ਹਨ। ਇਸ ਤੋਂ ਇਲਾਵਾ ਸਟੇਸ਼ਨ ਤੋਂ ਕਰੀਬ ਦੋ ਤੋਂ ਢਾਈ ਹਜ਼ਾਰ ਮੁਸਾਫਰ ਰੋਜ਼ਾਨਾ ਅੱਪ ਅਤੇ ਡਾਊਨ ਟਰੇਨਾਂ 'ਚ ਸਫਰ ਕਰਦੇ ਹਨ। ਟਰੇਨਾਂ 'ਚ ਸਫਰ ਕਰਨ ਵਾਲੇ ਮੁਸਾਫ਼ਰਾਂ ਨੂੰ ਕੈਂਟੀਨ ਨਾ ਹੋਣ ਅਤੇ ਠੰਡੇ ਪਾਣੀ ਦੀ ਕਮੀ ਤੋਂ ਇਲਾਵਾ ਹੋਰ ਸਹੂਲਤਾਂ ਨਾ ਮਿਲਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਕਹਿਣਾ ਹੈ ਸਟੇਸ਼ਨ ਸੁਪਰਿਟੇਂਡੇਂਟ ਦਾ?

-ਰੇਲਵੇ ਸਟੇਸ਼ਨ ਤੇ ਟਰੇਨ ਮੁਸਾਫ਼ਰਾਂ ਦੇ ਖਾਣ-ਪੀਣ ਦੀ ਸਹੂਲਤ ਲਈ ਕੰਟੀਨ ਨਾ ਹੋਣ ਕਾਰਨ ਮੁਸਾਫ਼ਰਾਂ ਨੇ ਪੇਸ਼ ਆਉਂਦੀਆਂ ਸਮੱਸਿਆਵਾਂ ਸੰਬੰਧੀ ਕਾਰਜ਼ਕਾਰੀ ਸਟੇਸ਼ਨ ਸੁਪਰਿਟੇਂਡੇਂਟ ਹਰਵਿੰਦਰ ਸਿੰਘ ਚਾਵਲਾ ਦਾ ਕਹਿਣਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਕਈ ਸਾਲ ਪਹਿਲਾਂ ਕੈਂਟੀਨ 'ਚ ਤੈਅ ਸੇਲ ਨਾ ਹੋਣ ਕਾਰਨ ਪੈ ਰਹੇ ਘਾਟੇ ਦੇ ਚੱਲਦੇ ਠੇਕੇਦਾਰ ਕੈਂਟੀਨ ਬੰਦ ਕਰਕੇ ਚਲਾ ਗਿਆ ਸੀ। ਉਸ ਸਮੇਂ ਤੋਂ ਬਾਦ ਕੋਈ ਠੇਕੇਦਾਰ ਕੈਂਟੀਨ ਖੋਲਣ ਲਈ ਬੋਲੀ ਦੇਣ ਸਾਹਮਣੇ ਨਹੀਂ ਆਇਆ, ਜਿਸ ਕਾਰਨ ਕੈਂਟੀਨ ਖੋਲੀ ਨਹੀਂ ਜਾ ਸਕੀ ਹੈ। ਜੇਕਰ ਕੈਂਟੀਨ ਖੋਲਣ ਦਾ ਕੋਈ ਚਾਹਵਾਨ ਵਿਅਕਤੀ ਸਾਹਮਣੇ ਆਉਂਦਾ ਹੈ ਤਾਂ ਰੇਲਵੇ ਵਿਭਾਗ ਦੀਆਂ ਸ਼ਰਤਾਂ ਮੁਤਾਬਕ ਟੈਂਡਰ ਦੀ ਬੋਲੀ ਦੇ ਕੇ ਕੈਂਟੀਨ ਖੋਲ ਸਕਦਾ ਹੈ। ਖੁਦ ਰੇਲਵੇ ਅਧਿਕਾਰੀ ਤੇ ਮੁਲਾਜ਼ਮ ਵੀ ਚਾਹੁੰਦੇ ਹਨ ਕਿ ਰੇਲਵੇ ਸਟੇਸ਼ਨ ਤੇ ਜਲਦੀ ਕੰਟੀਨ ਖੁੱਲ ਜਾਵੇ ਕਿਉਂਕਿ ਮੁਲਾਜ਼ਮਾਂ ਨੂੰ ਵੀ ਚਾਹ ਪਾਣੀ ਪੀਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।