ਰੇਲਵੇ ਟਰੈਕ ਕਿਨਾਰਿਓਂ ਅਣਪਛਾਤੇ ਬਜ਼ੁਰਗ ਦੀ ਡੈੱਡ ਬਾਡੀ ਬਰਾਮਦ

Last Updated: Jun 12 2019 19:09
Reading time: 1 min, 19 secs

ਅੰਬਾਲਾ ਰੇਲ ਸੈਕਸ਼ਨ ਤੇ ਪੈਂਦੇ ਨਜ਼ਦੀਕੀ ਪਿੰਡ ਜਸਪਾਲੋਂ ਕੋਲ ਰੇਲਵੇ ਪੁਲਿਸ ਨੂੰ ਰੇਲਵੇ ਟਰੈਕ ਦੇ ਕਿਨਾਰੇ ਪਗਡੰਡੀ ਤੋਂ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਜੀਆਰਪੀ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਜੀਆਰਪੀ ਵੱਲੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਕਿਸੇ ਨਾਮਾਲੂਮ ਚੱਲਦੀ ਟਰੇਨ ਚੋਂ ਡਿੱਗ ਜਾਣ ਕਾਰਨ ਹੋਈ ਹੈ। ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।

ਇਸ ਸਬੰਧੀ ਰੇਲਵੇ ਪੁਲਿਸ ਚੌਂਕੀ ਦੋਰਾਹਾ ਦੇ ਇੰਚਾਰਜ ਏਐਸਆਈ ਜਗਪਿੰਦਰ ਸਿੰਘ ਅਤੇ ਹੌਲਦਾਰ ਕਿਰਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਤੋਂ ਸੂਚਨਾ ਮਿਲੀ ਸੀ ਕਿ ਦੋਰਾਹਾ-ਚਾਵਾ ਰੇਲਵੇ ਸਟੇਸ਼ਨ ਦਰਮਿਆਨ ਪੈਂਦੇ ਨਜ਼ਦੀਕੀ ਪਿੰਡ ਜਸਪਾਲੋਂ ਕੋਲ ਕਿੱਲੋਮੀਟਰ ਨੰਬਰ 350 ਦੇ ਖੰਬਾ ਨੰ.15-17 ਲਾਗੇ ਰੇਲਵੇ ਟਰੈਕ ਦੇ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਮੌਕਾ ਮੁਆਇਨਾ ਕਰਨ ਤੇ ਜਾਪਦਾ ਹੈ ਕਿ ਕਿਸੇ ਚੱਲਦੀ ਰੇਲਗੱਡੀ ਚੋਂ ਡਿੱਗਕੇ ਉਕਤ ਬਜ਼ੁਰਗ ਦੀ ਮੌਤ ਹੋਈ ਹੈ।

ਜਾਂਚ ਅਧਿਕਾਰੀ ਨੇ ਅੱਗੇ ਦੱਸਿਆ ਕਿ ਸਿਰ ਤੋਂ ਮੋਨੇ ਕਰੀਬ 55 ਤੋਂ 60 ਸਾਲ ਦਰਮਿਆਨ ਉਮਰ ਦੇ ਜਾਪਦੇ ਮ੍ਰਿਤਕ ਦੇ ਸਫ਼ੇਦ ਰੰਗ ਦਾ ਕੁੜਤਾ-ਪਜਾਮਾ ਪਹਿਨਿਆ ਹੋਇਆ ਹੈ। ਟਰੇਨ ਦੀ ਲਪੇਟ 'ਚ ਆਉਣ ਕਾਰਨ ਮ੍ਰਿਤਕ ਦੀਆਂ ਦੋਨਾਂ ਲੱਤਾਂ ਕੱਟੀਆਂ ਗਈਆਂ ਹਨ। ਮ੍ਰਿਤਕ ਦੇ ਪਹਿਨੇ ਕੱਪੜਿਆਂ ਚੋਂ ਉਸਦੀ ਪਹਿਚਾਣ ਸਬੰਧੀ ਕੋਈ ਪਹਿਚਾਣ ਪੱਤਰ ਜਾਂ ਕੋਈ ਹੋਰ ਕਾਗ਼ਜ਼ਾਤ ਬਰਾਮਦ ਨਾ ਹੋਣ ਕਾਰਨ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਫ਼ਿਲਹਾਲ, ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਖੰਨਾ ਦੇ ਡੈੱਡ-ਹਾਊਸ 'ਚ ਰਖਵਾਇਆ ਗਿਆ ਹੈ।