ਬੋਗਸ ਬਿਲਿੰਗ ਰਾਹੀਂ 14.26 ਕਰੋੜ ਰੁਪਏ ਦੀ ਟੈਕਸ ਚੋਰੀ ਕਰਨ ਵਾਲਾ ਕਾਰੋਬਾਰੀ ਗਿਰਫ਼ਤਾਰ

Last Updated: Jun 12 2019 18:43
Reading time: 1 min, 36 secs

ਜਾਅਲੀ ਬਿੱਲਾਂ ਰਾਹੀਂ ਖ਼ਰੀਦ-ਵੇਚ ਦਿਖਾ ਕੇ ਕਰੀਬ 14.26 ਕਰੋੜ ਰੁਪਏ ਦੀ ਟੈਕਸ ਚੋਰੀ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਦੇ ਦੋਸ਼ 'ਚ ਆਬਕਾਰੀ ਤੇ ਕਰ ਵਿਭਾਗ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਇਕ ਕਾਰੋਬਾਰੀ ਨੂੰ ਗਿਰਫ਼ਤਾਰ ਕਰਨ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਬੂ ਕੀਤੇ ਗਏ ਕਾਰੋਬਾਰੀ ਮਿੱਠਾ ਰਾਮ ਦੇ ਕਬਜ਼ੇ 'ਚੋਂ ਜਾਅਲੀ ਬਿੱਲ ਬੁੱਕਾਂ, ਇੱਕ ਲੈਪਟਾਪ ਅਤੇ ਹੋਰ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਆਬਕਾਰੀ ਤੇ ਕਰ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਰੋਪੀ ਮਿੱਠਾ ਰਾਮ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਾਅਲੀ ਬਿੱਲਾਂ ਰਾਹੀਂ ਟੈਕਸ ਚੋਰੀ ਕਰਨ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਗਰਗ ਉਪ ਕਮਿਸ਼ਨਰ ਰਾਜ ਕਰ, ਲੁਧਿਆਣਾ ਮੰਡਲ, ਲੁਧਿਆਣਾ ਅਤੇ ਮਗਨੇਸ਼ ਸੇਠੀ ਸਹਾਇਕ ਕਮਿਸ਼ਨਰ ਰਾਜ ਕਰ, ਫ਼ਤਿਹਗੜ੍ਹ  ਸਾਹਿਬ ਨੇ ਦੱਸਿਆ ਕਿ ਵਿਭਾਗ ਵੱਲੋਂ ਮੈਸ: ਪਾਰਵਤੀ ਸਟੀਲ ਰੀ-ਰੋਲਿੰਗ ਮਿਲਜ਼, ਡਿਸਪੋਜ਼ਲ ਰੋਡ, ਮੰਡੀ ਗੋਬਿੰਦਗੜ੍ਹ ਫ਼ਰਮ ਦੇ ਪਾਰਟਨਰ ਮਿੱਠਾ ਰਾਮ ਵਾਸੀ ਪਿੰਡ ਮੁੱਢੜੀਆਂ ਤਹਿਸੀਲ ਅਮਲੋਹ ਦੇ ਰਿਹਾਇਸ਼ੀ ਮਕਾਨ 'ਚ ਰੇਡ ਕੀਤੀ ਗਈ ਅਤੇ ਮਿੱਠਾ ਰਾਮ ਨੂੰ ਜਾਅਲੀ ਬਿੱਲਾਂ ਜ਼ਰੀਏ 14.26 ਕਰੋੜ ਰੁਪਏ ਦੀ ਟੈਕਸ ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਉਕਤ ਫ਼ਰਮ ਦਾ ਪਾਰਟਨਰ ਮਿੱਠਾ ਰਾਮ ਤਿੰਨ ਹੋਰ ਫ਼ਰਮਾਂ ਮੈਸ: ਸਰਪੰਚ ਇੰਟਰਨੈਸ਼ਨਲ, ਮਾਲਕ ਮਿੱਠਾ ਰਾਮ, ਮੈਸ: ਰਾਜ ਸਟੀਲ, ਮਾਲਕ ਬਿੱਟੂ ਰਾਮ (ਮਿੱਠਾ ਰਾਮ ਦਾ ਭਰਾ) ਅਤੇ ਮੈਸ: ਏ.ਕੇ. ਇੰਟਰਨੈਸ਼ਨਲ, ਮਾਲਕ ਮਨਪ੍ਰੀਤ ਕੌਰ (ਮਿੱਠਾ ਰਾਮ ਦੀ ਪਤਨੀ) ਚਲਾ ਰਿਹਾ ਸੀ। ਇਨ੍ਹਾਂ ਤਿੰਨਾਂ ਫ਼ਰਮਾਂ 'ਚ ਉਹ ਬਿਨ੍ਹਾਂ ਮਾਲ ਤੋਂ ਹੀ ਬਿੱਲ ਖ਼ਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ।

ਉਕਤ ਵਿਅਕਤੀ ਦੇ ਘਰ ਤੋਂ ਉਸ ਦਾ ਲੈਪਟਾਪ ਅਤੇ ਹੋਰ ਕਾਗ਼ਜ਼ਾਤ ਵੀ ਬਰਾਮਦ ਕੀਤੇ ਗਏ, ਜੋ ਕਿ ਬੋਗਸ ਬਿਲਿੰਗ ਨਾਲ ਸਬੰਧਿਤ ਹਨ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਆਰੋਪੀ ਮਿੱਠਾ ਰਾਮ ਖ਼ਿਲਾਫ਼ ਪੀ.ਜੀ.ਐਸ.ਟੀ. ਐਕਟ, 2017 ਦੀ ਧਾਰਾ 132(1)ਏ, 132 (1) ਬੀ ਅਤੇ 132(1) ਸੀ ਦੀ ਉਲੰਘਣਾ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰਕੇ ਗਿਰਫ਼ਤਾਰ ਕੀਤਾ ਗਿਆ ਹੈ। ਜਿਸ ਨੂੰ ਗ੍ਰਿਫ਼ਤਾਰ ਕਰਨ ਬਾਅਦ ਡਿਊਟੀ ਮੈਜਿਸਟਰੇਟ, ਅਮਲੋਹ ਦੀ ਅਦਾਲਤ ਚ ਪੇਸ਼ ਕੀਤਾ, ਜਿੱਥੇ ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।