ਮੁਕਤਸਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਰਮੇ ਹੇਠ 30 ਫ਼ੀਸਦੀ ਰਕਬਾ ਵਧਿਆ

Last Updated: Jun 12 2019 18:11
Reading time: 1 min, 30 secs

ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਪੰਜਾਬ ਦੀ ਨਰਮਾ ਪੱਟੀ ਦਾ ਹਿੱਸਾ ਕਿਹਾ ਜਾਂਦਾ ਹੈ ਅਤੇ ਇਸ ਸਾਲ ਜ਼ਿਲ੍ਹੇ ਦੇ ਵਿੱਚ ਨਰਮੇ ਹੇਠਲਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਕਰੀਬ 30 ਫ਼ੀਸਦੀ ਵਧਿਆ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਦੇ ਅਨੁਸਾਰ ਇਸ ਸਾਲ ਜ਼ਿਲ੍ਹੇ ਦੇ ਵਿੱਚ 72011 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਕਾਸ਼ਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕੇ ਪਿਛਲੇ ਸਾਲ ਜ਼ਿਲ੍ਹੇ ਵਿੱਚ 54000 ਹੈਕਟੇਅਰ ਰਕਬੇ ਵਿੱਚ ਹੀ ਨਰਮੇ ਦੀ ਕਾਸ਼ਤ ਹੋਈ ਸੀ ਅਤੇ ਇਸ ਸਾਲ ਇਸ ਨੂੰ ਕਰੀਬ 30 ਫ਼ੀਸਦੀ ਵਧਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਝੋਨਾ ਛੱਡ ਨਰਮੇ ਦੀ ਫ਼ਸਲ ਬੀਜਣ ਲਈ ਪ੍ਰੇਰਿਆ ਗਿਆ ਅਤੇ ਇਸ ਵਾਰ ਵਿਭਾਗ ਨੇ ਆਪਣਾ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਝੋਨੇ ਦੇ ਮੁਕਾਬਲੇ ਨਰਮੇ ਦੀ ਫ਼ਸਲ ਨੂੰ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਅਤੇ ਇਸ ਕਾਰਨ ਧਰਤੀ ਹੇਠਲਾ ਪਾਣੀ ਵੀ ਬੱਚਤ ਹੁੰਦਾ ਹੈ। 

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਨਰਮੇ ਦੀ ਫ਼ਸਲ ਬਹੁਤ ਚੰਗੀ ਹਾਲਤ ਵਿੱਚ ਹੈ ਅਤੇ ਕਿਸਾਨ ਫ਼ਸਲ ਨੂੰ ਪਾਣੀ ਦੇਣ, ਨਦੀਨਾਂ ਦੀ ਰੋਕਥਾਮ ਵਰਗੇ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨਰਮੇ ਦੀ ਫ਼ਸਲ ਤੇ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਇਸ ਲਈ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਤੇ 2 ਅਤੇ ਬਲਾਕ ਪੱਧਰ ਤੇ 26 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਹਫ਼ਤੇ ਵਿੱਚ ਦੋ ਦਿਨ ਖੇਤਾਂ ਦਾ ਨਿਰੀਖਣ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹਰੇਕ ਟੀਮ 5 ਪਿੰਡਾਂ ਦਾ ਦੌਰਾ ਕਰਦੀ ਹੈ। ਇਸ ਤਰ੍ਹਾਂ ਇੱਕੋ ਦਿਨ 140 ਪਿੰਡਾਂ ਦਾ ਸਰਵੇਖਣ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 154 ਪਿੰਡ ਅਜਿਹੇ ਹਨ ਜਿੱਥੇ ਨਰਮੇ ਹੇਠ ਰਕਬਾ ਜ਼ਿਆਦਾ ਹੈ। ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਦੇ ਅਨੁਸਾਰ ਇਸ ਸਮੇਂ ਫ਼ਸਲ ਤੇ ਕਿਸੇ ਵੀ ਬਿਮਾਰੀ ਦਾ ਖ਼ਤਰਾ ਨਹੀਂ ਹੈ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਹਿਲਾ ਹੀ ਜਾਣਕਾਰੀ ਦਿੱਤੀ ਜਾ ਰਹੀ ਹੈ।