ਫ਼ਤਿਹਵੀਰ ਦੀ ਯਾਦ 'ਚ ਕੱਢਿਆ ਮੋਮਬੱਤੀ ਮਾਰਚ.!!

Last Updated: Jun 12 2019 18:00
Reading time: 0 mins, 58 secs

ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲੇ ਫਤਿਹਵੀਰ ਸਿੰਘ (2) ਦੀ ਬੀਤੇ ਦਿਨੀਂ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਫਤਿਹਵੀਰ ਸਿੰਘ ਦੀ ਯਾਦ ਵਿੱਚ ਫ਼ਿਰੋਜ਼ਪੁਰ ਕੈਂਟ ਬੋਰਡ ਦੇ ਕੌਂਸਲਰ ਜ਼ੋਰਾਂ ਸਿੰਘ ਸੰਧੂ ਦੀ ਅਗਵਾਈ 'ਚ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਮੋਮਬੱਤੀ ਮਾਰਚ ਕੱਢ ਕੇ ਨਾ ਸਿਰਫ਼ ਸ਼ਰਧਾਂਜਲੀਆਂ ਦਿੱਤੀਆਂ, ਸਗੋਂ ਮਾਰਚ 'ਚ ਪਹੁੰਚੇ ਹੋਰਨਾਂ ਲੋਕਾਂ ਨੇ ਇਸ ਹਾਦਸੇ ਨੂੰ ਸਰਕਾਰ ਦੀ ਅਸਫਲਤਾ ਕਰਾਰ ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਚੰਨ ਤੱਕ ਪੁੱਜਣ ਦੇ ਵੱਡੇ ਦਾਅਵੇ ਕਰਦੀਆਂ ਰਹੀਆਂ ਹਨ। 

ਪਰ ਦੂਜੇ ਪਾਸੇ ਇੱਕ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਹੈ। ਜ਼ੋਰਾਂ ਸਿੰਘ ਸੰਧੂ ਨੇ ਦੱਸਿਆ ਕਿ ਫਤਿਹਵੀਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮੇਂ ਰਹਿੰਦਿਆਂ ਸਹੀ ਕਾਰਵਾਈ ਕਰਦੀ ਤਾਂ ਫਤਿਹਵੀਰ ਨੂੰ ਬਚਾਇਆ ਜਾ ਸਕਦਾ ਸੀ, ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਕਾਮੀ ਦੇ ਕਾਰਨ ਹੀ ਫਹਿਤਵੀਰ ਸਿੰਘ ਨੂੰ ਨਹੀਂ ਬਚਾਇਆ ਜਾ ਸਕਿਆ। ਜ਼ੋਰਾਂ ਸਿੰਘ ਸੰਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਖੁੱਲ੍ਹੇ ਬੋਰਾਂ ਨੂੰ ਢੱਕ ਕੇ ਰੱਖਿਆ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਪਿਆਰੇਆਣਾ, ਬਲਵਿੰਦਰ ਸਿੰਘ ਪਿਆਰੇਆਣਾ, ਮੁਕੇਸ਼, ਅਮਨ ਪੰਡਤ ਅਤੇ ਹੋਰ ਵੀ ਕਈ ਹਾਜ਼ਰ ਸਨ।