ਤੇ ਹੁਣ ਜ਼ਬਰਦਸਤੀ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ !!!

Last Updated: Jun 12 2019 17:59
Reading time: 1 min, 42 secs

ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿੱਚ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ 21 ਜੂਨ (15 ਜੂਨ 2019 ਤੋਂ 21 ਜੂਨ 2019) ਤੱਕ ਮਨਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿਜ ਅਤੇ ਗੈਰ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਵਿੱਚ ਅਚਨਚੇਤ ਛਾਪੇ ਮਾਰਨ, ਲੱਭੇ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਸੀਨੀਅਰ ਪੁਲੀਸ ਕਪਤਾਨ, ਉਪ ਮੰਡਲ ਮੈਜਿਸਟ੍ਰੇਟ, (ਫ਼ਿਰੋਜ਼ਪੁਰ, ਜ਼ੀਰਾ ਅਤੇ ਗੁਰੂਹਰਸਹਾਏ) ਸਿਵਲ ਸਰਜਨ ਫ਼ਿਰੋਜ਼ਪੁਰ, ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਫ਼ਿਰੋਜ਼ਪੁਰ, ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਸਹਾਇਕ ਕਿਰਤ ਕਮਿਸ਼ਨਰ ਫ਼ਿਰੋਜ਼ਪੁਰ, ਕਿਰਤ ਇੰਸਪੈਕਟਰ ਗ੍ਰੇਡ-1 ਫ਼ਿਰੋਜ਼ਪੁਰ ਅਤੇ ਜ਼ੀਰਾ, ਚਾਈਲਡ ਲਾਈਨ ਤੇ ਐੱਨ.ਜੀ.ਓ. ਫ਼ਿਰੋਜ਼ਪੁਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਵੰਡ ਕੀਤੀ ਗਈ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਸਬੰਧਿਤ ਸਬ ਡਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਹਫ਼ਤੇ ਦੌਰਾਨ ਚੈਕਿੰਗ ਕਰਕੇ ਆਪਣੀ ਰਿਪੋਰਟ ਸਹਾਇਕ ਕਿਰਤ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਭੇਜਣਗੀਆਂ ਅਤੇ ਸਹਾਇਕ ਕਿਰਤ ਕਮਿਸ਼ਨਰ ਵੱਲੋਂ ਇਹ ਰਿਪੋਰਟਾਂ ਇਸ ਦਫ਼ਤਰ ਰਾਹੀਂ ਸਰਕਾਰ ਨੂੰ ਭਿਜਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਢਿੱਲ ਜਾਂ ਅਣਗਹਿਲੀ ਲਈ ਸਬੰਧਿਤ ਵਿਭਾਗ ਦੀ ਜ਼ੁੰਮੇਵਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ ਦੌਰਾਨ ਵੱਖ-ਵੱਖ ਵਪਾਰਕ ਅਦਾਰਿਆਂ, ਘਰੇਲੂ ਕੰਮਾਂ ਵਿੱਚ ਲੱਗੇ ਬਾਲ ਕਿਰਤੀਆਂ ਆਦਿ ਦੀ ਵਿਸ਼ੇਸ਼ ਪੜਤਾਲ ਮੁਹਿੰਮ ਚਲਾ ਕੇ ਬਾਲ ਮਜ਼ਦੂਰਾਂ ਦੀ ਸ਼ਨਾਖ਼ਤ ਕਰਨਗੇ।

ਉਕਤ ਬਾਲ ਮਜ਼ਦੂਰਾਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾ ਕੇ ਜਾਂ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਣਗੇ ਜਾਂ ਜਿਨ੍ਹਾਂ ਬੱਚਿਆਂ ਦੇ ਮਾਪੇ ਨਹੀਂ ਹੋਣਗੇ, ਉਨ੍ਹਾਂ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਫ਼ਿਰੋਜ਼ਪੁਰ ਨੂੰ ਬਾਲ ਘਰਾਂ ਵਿੱਚ ਭੇਜਣ ਲਈ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਤੋਂ ਜ਼ਬਰਦਸਤੀ ਬਾਲ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਬਾਲ ਮਜ਼ਦੂਰੀ (ਮਨਾਹੀ ਤੇ ਨਿਯੰਤਰਨ) ਐਕਟ 1986 ਦੀ ਧਾਰਾ ਅਧੀਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀ ਮੁਕੰਮਲ ਮਨਾਹੀ ਹੈ। ਉਨ੍ਹਾਂ ਕਿਹਾ ਕਿ ਇਸ ਮਨਾਹੀ ਦੀ ਉਲੰਘਣਾ ਕਰਕੇ ਬਾਲ ਮਜ਼ਦੂਰੀ ਕਰਵਾਉਣ ਵਾਲੇ ਨੂੰ ਬਣਦਾ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ।