ਘੱਟ ਨੰਬਰ, ਵੱਧ ਫੀਸ, ਇਸ ਤਰ੍ਹਾਂ ਬਣਦੇ ਨੇ ਨਿੱਜੀ ਮੈਡੀਕਲ ਕਾਲਜਾਂ 'ਚ ਡਾਕਟਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 17:35
Reading time: 1 min, 20 secs

ਪੰਜਾਬ ਦੇ ਵਿੱਚ ਇਸ ਸਮੇਂ ਅੱਠ ਮੈਡੀਕਲ ਕਾਲਜ ਹਨ ਜਿੰਨਾ ਦੇ ਵਿੱਚ ਐਮ.ਬੀ.ਬੀ.ਐੱਸ. ਦੀ ਪੜਾਈ ਹੁੰਦੀ ਹੈ ਅਤੇ ਇਨ੍ਹਾਂ ਦੇ ਵਿੱਚੋਂ ਤਿੰਨ ਸਰਕਾਰੀ ਜਦਕਿ ਪੰਜ ਨਿੱਜੀ ਹਨ। ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜਾਂ ਦੀ ਫੀਸ ਦੇ ਜਮੀਨ ਆਸਮਾਨ ਦਾ ਫ਼ਰਕ ਹੈ ਅਤੇ ਇਸੇ ਫ਼ਰਕ ਦਾ ਫ਼ਾਇਦਾ ਚੁੱਕਦੇ ਹੋਏ ਘੱਟ ਨੰਬਰਾਂ ਵਾਲੇ ਵਿਦਿਆਰਥੀ ਵੱਧ ਪੈਸੇ ਦੇ ਸਿਰ ਤੇ ਡਾਕਟਰ ਬਣ ਜਾਂਦੇ ਹਨ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵੱਲੋਂ ਜਾਰੀ ਕੀਤੀ ਪਿਛਲੇ ਸਾਲ ਦੀ ਦਾਖਲਾ ਸੂਚੀ ਅਨੁਸਾਰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਨੀਟ 2018 ਵਿੱਚ 720 ਵਿੱਚੋਂ 518 ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਆਖ਼ਰੀ ਸੀਟ ਮਿਲੀ ਸੀ। ਫ਼ਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਦੇ ਵਿੱਚ ਐਮ.ਬੀ.ਬੀ.ਐੱਸ. ਦੀ ਸਾਰੀ ਪੜਾਈ ਦੀ ਫੀਸ 4 ਲੱਖ 40 ਹਜ਼ਾਰ ਰੁਪਏ ਹੈ।

ਦੂਜੇ ਪਾਸੇ ਨਿੱਜੀ ਮੈਡੀਕਲ ਕਾਲਜ ਆਦੇਸ਼ ਯੂਨੀਵਰਸਿਟੀ ਬਠਿੰਡਾ ਵਿੱਚ ਆਖ਼ਰੀ ਸੀਟ ਹਾਸਲ ਕਰਨ ਵਾਲੇ ਵਿਦਿਆਰਥੀ ਦੇ ਨੀਟ ਪ੍ਰੀਖਿਆ ਵਿੱਚੋਂ 720 ਵਿੱਚੋਂ ਸਿਰਫ 314 ਨੰਬਰ ਆਏ ਸਨ ਅਤੇ ਇਸ ਕਾਲਜ ਦੇ ਵਿੱਚ ਐਮ.ਬੀ.ਬੀ.ਐੱਸ. ਦੀ ਪੜਾਈ ਦੀ ਪੂਰੀ ਫੀਸ ਕਰੀਬ 70 ਲੱਖ ਹੈ। ਦੂਜੇ ਪਾਸੇ ਜੇਕਰ ਗੱਲ ਕੋਟਾ ਸੀਟ ਦੀ ਕੀਤੀ ਜਾਵੇ ਤਾਂ ਸਰਕਾਰੀ ਕਾਲਜ ਵਿੱਚ ਐੱਸ.ਸੀ. ਕੋਟਾ ਵਿੱਚ ਸੀਟ ਹਾਸਲ ਕਰਨ ਵਾਲੇ ਆਖ਼ਰੀ ਵਿਦਿਆਰਥੀ ਦੇ 353 ਨੰਬਰ ਸਨ ਜਦਕਿ ਆਦੇਸ਼ ਯੂਨੀਵਰਸਿਟੀ ਬਠਿੰਡਾ ਵਿੱਚ ਐੱਸ.ਸੀ. ਕੋਟਾ ਵਿੱਚ ਸੀਟ ਹਾਸਲ ਕਰਨ ਵਾਲੇ ਵਿਦਿਆਰਥੀ ਦੇ ਨੰਬਰ 720 ਵਿੱਚੋਂ ਸਿਰਫ 100 ਆਏ ਸਨ। ਅਜਿਹੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੈਸੇ ਦੇ ਨਾਲ ਡਾਕਟਰ ਬਣ ਰਹੇ ਇਹ ਘੱਟ ਨੰਬਰਾਂ ਵਾਲੇ ਵਿਦਿਆਰਥੀ ਅੱਗੇ ਜਾ ਕੇ ਸਮਾਜ ਦੇ ਵਿੱਚ ਮਰੀਜ਼ਾਂ ਦੀ ਕਿੰਨੀ ਸੇਵਾ ਕਰ ਸਕਦੇ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ 1125 ਐਮ.ਬੀ.ਬੀ.ਐੱਸ. ਅਤੇ 1230 ਬੀ.ਡੀ.ਐੱਸ. ਦੀਆਂ ਸੀਟਾਂ ਹਨ ਜਿੰਨਾ ਦੇ ਲਈ ਕੇ 2019 ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ।