ਸਿਹਤ ਵਿਭਾਗ ਵੱਲੋਂ ਡੇਅਰੀ ਤੇ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ, 10 ਸੈਂਪਲ ਭਰੇ

Last Updated: Jun 12 2019 16:58
Reading time: 0 mins, 53 secs

ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਅਗਵਾਈ ਹੇਠ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਡੇਅਰੀਆਂ, ਮਠਿਆਈ ਤੇ ਕਰਿਆਨੇ ਆਦਿ ਦੁਕਾਨਾਂ ਦੀ ਚੈਕਿੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਕਾਦੀਆਂ ਤੇ ਵਡਾਲਾ ਗ੍ਰੰਥੀਆਂ ਵਿਖੇ ਡੇਅਰੀਆਂ ਤੇ ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ 10 ਸੈਂਪਲ ਭਰੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਡੇਅਰੀਆਂ ਆਦਿ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ 3 ਸੈਂਪਲ ਦੁੱਧ ਦੇ, 3 ਦਹੀਂ ਦੇ, 2 ਦੇਸੀ ਘਿਓ ਦੇ, 1 ਮਿਲਕ ਕੇਕ ਦਾ ਅਤੇ 1 ਪਨੀਰ ਦਾ ਸੈਂਪਲ ਭਰਿਆ ਗਿਆ, ਜਿਨ੍ਹਾਂ ਨੂੰ ਖਰੜ ਦੀ ਲੈਬਾਰਟਰੀ ਵਿਖੇ ਚੈੱਕ ਕਰਨ ਲਈ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਅਤੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਖਾਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਜ਼ਿਲ੍ਹੇ ਅੰਦਰ ਨਕਲੀ ਦਵਾਈਆਂ ਵੇਚਣ ਵਾਲੇ ਤੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨਿਰੰਤਰ ਜਾਰੀ ਰਹੇਗੀ।