ਕਲੋਨ ਏ.ਟੀ.ਐਮ ਰਾਹੀ ਫਿਰ ਨਿਕਲੇ ਪੈਸੇ, ਖਾਤਾਧਾਰਕ ਨੂੰ ਬੈਂਕ ਮੋੜੇਗਾ ਪੈਸੇ ! ( ਨਿਊਜ਼ਨੰਬਰ ਖ਼ਾਸ ਖ਼ਬਰ )  

Last Updated: Jun 12 2019 14:48
Reading time: 3 mins, 9 secs

ਏ.ਟੀ.ਐਮ ਕਾਰਡ ਦਾ ਕਲੋਨ ਤਿਆਰ ਕਰਕੇ ਖਾਤਾਧਾਰਕ ਦੇ ਖਾਤੇ ਵਿਚੋਂ ਪੈਸੇ ਕਢਵਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਕਈਆਂ ਮਾਮਲਿਆਂ 'ਚ ਇਸ ਨੂੰ ਅੰਜਾਮ ਦੇਣ ਵਾਲੇ ਪੁਲਿਸ ਹੱਥੇ ਵੀ ਚੜ੍ਹੇ ਹਨ ਪਰ ਬਿਨਾ ਮਿਹਨਤ ਦੂਸਰਿਆਂ ਦੇ ਪੈਸਿਆਂ 'ਤੇ ਆਪਣੇ ਗ਼ਲਤ ਕੰਮਾਂ ਨੂੰ ਪੁਰਾ ਕਰਨ ਲਈ ਅਜਿਹਾ ਅੱਜ ਵੀ ਜਾਰੀ ਹੈ। ਅਜਿਹਾ ਇੱਕ ਮਾਮਲਾ ਦੇਸ਼ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਮੌਸਮ, ਮੁਸ਼ਕਿਲ ਦੀ ਘੜੀ 'ਚ ਸਰਹੱਦ 'ਤੇ ਡਟ ਕੇ ਖੜੇ ਹੋਣ ਵਾਲੇ ਆਈ.ਟੀ.ਡੀ.ਪੀ ਦੇ ਜਵਾਨ ਨਾਲ ਵਾਪਰਿਆ ਹੈ। ਜਵਾਨ ਦੇ ਖਾਤੇ ਵਿਚੋਂ 80 ਹਜ਼ਾਰ ਰੁਪਏ ਨਿਕਲ ਗਏ ਅਤੇ ਜਿਸ ਦਾ ਪਤਾ ਉਸ ਨੂੰ ਸਵੇਰੇ ਅੱਖ ਖੁੱਲ ਦੇ ਹੀ ਆਏ ਪਏ ਮੈਸੇਜ ਨੂੰ ਵੇਖ ਕੇ ਲੱਗਿਆ। ਇਸ ਠੱਗੀ ਦੌਰਾਨ ਉਸ ਨੂੰ ਪੁਲਿਸ ਥਾਣਿਆਂ ਦੇ ਵੀ ਚੱਕਰ ਕੱਟਣੇ ਪਏ ਜੋ ਪੁਲਿਸ ਦੇ ਕਾਰਜਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਹਨ।

ਜਵਾਨ ਵੱਲੋਂ ਵਿਖਾਈ ਗਈ ਹਿੰਮਤ ਦੀ ਦਾਦ ਦੇਣੀ ਹੋਵੇਗੀ ਕਿ, ਆਖ਼ਰ ਉਸ ਨੇ ਹਿੰਮਤ ਨਹੀਂ ਹਾਰੀ 'ਤੇ ਜਿੱਥੇ ਇਸ ਸਬੰਧੀ ਮਾਮਲਾ ਪੁਲਿਸ 'ਚ ਦਰਜ ਕਰਵਾਇਆ ਉੱਥੇ ਹੀ ਦੋੜ ਭੱਜ ਕਰਕੇ ਆਰ.ਬੀ.ਆਈ ਤੱਕ ਪਹੁੰਚ ਕੀਤੀ, ਜਿੱਥੇ ਉਸ ਨੂੰ ਆਪਣੇ ਪੈਸੇ ਵਾਪਸ ਮਿਲਣ ਵਾਲੇ ਹਨ। ਇਹ ਮਾਮਲਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਚੂਹੜੀਵਾਲਾ ਧੰਨਾ ਵਾਸੀ ਵਿਨੋਦ ਕੁਮਾਰ ਪੁੱਤਰ ਮਨੀ ਰਾਮ ਨਾਲ ਸਬੰਧਤ ਹੈ ਜੋ ਆਈ.ਟੀ.ਡੀ.ਪੀ ਦਾ ਜਵਾਨ ਹੈ। ਇਸ ਮਾਮਲੇ 'ਚ ਅਬੋਹਰ ਦੀ ਨਗਰ ਥਾਣਾ ਨੰਬਰ 1 ਦੀ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਅਧੀਨ ਧਾਰਾ 379, 420, 34 ਅਤੇ ਆਈ.ਟੀ. ਐਕਟ 66 ਤੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਵਿਨੋਦ ਕੁਮਾਰ ਪੁੱਤਰ ਮਨੀ ਰਾਮ ਨੇ ਨਗਰ ਥਾਣਾ ਨੰਬਰ 1 ਦੀ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਸਦਾ ਅਬੋਹਰ ਵਿਖੇ ਬੱਸ ਸਟੈਂਡ ਰੋਡ 'ਤੇ ਬਣੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਖਾਤਾ ਹੈ। ਉਸ ਦੇ ਖਾਤੇ ਵਿੱਚੋਂ 15-16 ਮਾਰਚ 2019 ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਲੱਗੇ ਪੀ.ਐਨ.ਬੀ ਅਤੇ ਐਸ.ਬੀ.ਆਈ ਦੀ ਏ.ਟੀ.ਐਮ. ਮਸ਼ੀਨਾਂ ਰਾਹੀ 80 ਹਜ਼ਾਰ ਰੁਪਏ ਕਢਵਾ ਲਏ।

ਇਸ ਬਾਰੇ ਜੱਦ ਵਿਨੋਦ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਸ ਰਾਤ ਨਾਮਾਲੂਮ ਵਿਅਕਤੀ ਨੇ ਪੈਸੇ ਕਢਵਾਏ ਉਸ ਸਮੇਂ ਉਹ ਸੁੱਤਾ ਹੋਇਆ ਸੀ। ਸਵੇਰ ਜੱਦ ਉਸ ਨੇ ਆਪਣੇ ਫੋਨ 'ਤੇ ਬੈਂਕ ਦੇ ਆਏ ਮੈਸੇਜ ਨੂੰ ਵੇਖਿਆ ਤਾਂ ਪਤਾ ਚੱਲਿਆ ਕਿ ਰਾਤ ਨੂੰ 12 ਵੱਜਣ ਦੇ ਕੁਝ ਮਿੰਟ ਪਹਿਲਾ ਉਸ ਦੇ ਖਾਤੇ 'ਚੋ ਪੈਸੇ ਕਢਵਾਏ ਗਏ ਅਤੇ ਉਸੇ ਸਮੇਂ 12 ਵੱਜੇ ਦੇ ਕੁਛ ਮਿੰਟ ਬਾਅਦ ਦੂਸਰੇ ਏ.ਟੀ.ਐਮ ਚੋ ਪੈਸੇ ਕਢਵਾਏ ਗਏ। ਦੋਹਵੇ ਏ.ਟੀ.ਐਮ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜੱਦ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ 'ਚ ਦਰਜ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਉਹ ਘਟਨਾ ਵਾਲੀ ਥਾਂ ਅਤੇ ਘਟਨਾ ਵਾਲੇ ਸਮੇਂ ਮੇਰੇ ਹੋਣ ਦੀ ਥਾਂ ਨੂੰ ਲੈ ਕੇ ਪੁਲਿਸ ਉਸ ਨੂੰ ਚੱਕਰ ਕਟਵਾਉਣ ਲੱਗੀ । ਉਨ੍ਹਾਂ ਦੱਸਿਆ ਕਿ ਆਖ਼ਰਕਾਰ ਉਹ ਅਬੋਹਰ ਥਾਣੇ 'ਚ ਇਸ ਸਬੰਧੀ ਮਾਮਲਾ ਦਰਜ ਕਰਵਾਉਣ 'ਚ ਕਾਮਯਾਬ ਹੋ ਗਏ।

ਖਾਤੇ ਵਿਚੋਂ ਪੈਸੇ ਨਿਕਲਣ ਸਬੰਧੀ ਉਨ੍ਹਾਂ ਨੇ ਅਬੋਹਰ ਬੈਂਕ 'ਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਆਪਣੇ ਸ਼ਿਕਾਇਤ ਉਨ੍ਹਾਂ ਨੂੰ ਦੇਣ ਦੇ ਨਾਲ ਨਾਲ ਬੈਂਕਾਂ ਦੀ ਕਾਰਜਪ੍ਰਣਾਲੀ 'ਤੇ ਨਜ਼ਰ ਰੱਖਦੀ ਆਰ.ਬੀ.ਆਈ ਦੇ ਅਧਿਕਾਰੀਆਂ ਤੱਕ ਆਪਣੀ ਸ਼ਿਕਾਇਤ ਦਰਜ ਕਰਵਾਈ ਜਿਸਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਹੈ ਕਿ ਜਿਸ ਬੈਂਕ ਦੇ ਖਾਤੇ ਵਿਚੋਂ ਏ.ਟੀ.ਐਮ ਦਾ ਕਲੋਨ ਤਿਆਰ ਕਰਕੇ ਕਿਸੇ ਵਿਅਕਤੀ ਵੱਲੋਂ ਪੈਸੇ ਕਢਵਾਏ ਗਏ ਹਨ, ਉਹ ਬੈਂਕ ਉਸ ਰਕਮ ਦਾ ਭੁਗਤਾਨ ਕਰੇਗੀ। ਇੱਥੇ ਜਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਰੋਜ਼ਾਨਾ ਹੀ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਿਸ 'ਚ ਨੇਟ ਬੈਂਕਿੰਗ ਰਾਹੀ, ਏ.ਟੀ.ਐਮ ਮਸ਼ੀਨ ਤੇ ਹੋਰ ਤਰੀਕਿਆਂ ਰਾਹੀ ਖਾਤਾਧਾਰਕ ਦੇ ਖਾਤੇ ਚੋ ਪੈਸੇ ਗ਼ਾਇਬ ਹੋ ਜਾਂਦੇ ਹਨ ਇਸ ਲਈ ਬੈਂਕਾਂ ਵੱਲੋਂ ਵੀ ਖਾਤਾਧਾਰਕ ਨੂੰ ਸੁਚੇਤ ਅਤੇ ਥੋੜ੍ਹੀ ਸਾਵਧਾਨੀ ਨਾਲ ਇਨ੍ਹਾਂ ਸਹੂਲਤਾਂ ਦਾ ਫ਼ਾਇਦਾ ਲੈਣ ਲਈ ਸਮੇਂ ਸਮੇਂ 'ਤੇ ਸੁਚੇਤ ਕੀਤਾ ਜਾਂਦਾ ਹੈ ਅਤੇ ਕਿਸੇ ਨੂੰ ਵੀ ਬੇਸ਼ੱਕ ਉਹ ਆਪਣੇ ਆਪ ਨੂੰ ਬੈਂਕ ਦਾ ਹੀ ਅਧਿਕਾਰੀ ਕਿਉਂ ਨਾ ਦੱਸਦਾ ਹੋਵੇ ਉਸ ਨੂੰ ਆਪਣੇ ਕਾਰਡ, ਖਾਤੇ ਸਬੰਧੀ ਜਾਣਕਾਰੀ ਫੋਨ 'ਤੇ ਨਹੀਂ ਦੇਣੀ ਚਾਹੀਦੀ ਹੈ। ਉੱਥੇ ਹੀ ਬੈਂਕਾਂ ਅਤੇ ਸਰਕਾਰ ਨੂੰ ਲੋਕਾਂ ਦੀ ਪਸੀਨੇ ਦੀ ਕਮਾਈ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਅਤੇ ਕੋਈ ਵੀ ਖਾਤਿਆਂ 'ਚ ਸੇਧ ਨਾ ਮਾਰੇ ਇਸ ਦੇ ਲਈ ਵਿਚਾਰ ਕਰਨਾ ਚਾਹੀਦਾ ਹੈ।