ਆਪ੍ਰੇਸ਼ਨ ਬਲੂ ਸਟਾਰ ਦੇ 35 ਸਾਲਾਂ ਬਾਅਦ ਹੀ ਕਿਉਂ ਜਾਗਿਆ ਅਕਾਲੀ ਦਲ !!! (ਵਿਅੰਗ)

Last Updated: Jun 12 2019 13:07
Reading time: 3 mins, 9 secs

ਜੂਨ 1984 ਦੇ ਵਿੱਚ ਜੋ ਕੁਝ ਵੀ ਹੋਇਆ, ਉਸ ਨੂੰ ਕੋਈ ਵੀ ਪੰਜਾਬੀ ਭੁਲਾ ਨਹੀਂ ਸਕਦਾ। ਪਰ ਵੇਖਿਆ ਜਾਵੇ ਤਾਂ 1984 ਦੇ ਮੁੱਦੇ 'ਤੇ ਹਮੇਸ਼ਾ ਹੀ ਸਿਆਸਤ ਹੁੰਦੀ ਰਹੀ ਹੈ। ਅਕਾਲੀ ਦਲ ਦੇ ਵੱਲੋਂ ਕਰੈਡਿਟ ਲੈਣ ਦੇ ਚੱਕਰ ਵਿੱਚ ਹਮੇਸ਼ਾ ਹੀ ਕਥਿਤ ਤੌਰ 'ਤੇ ਸਿੱਖਾਂ ਦੇ ਨਾਲ ਧੋਖਾ ਕੀਤਾ ਜਾਂਦਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹਮੇਸ਼ਾ ਹੀ ਇਹੀ ਹੁੰਦਾ ਰਿਹਾ ਹੈ ਕਿ ਅਕਾਲੀ ਦਲ ਦਾ ਵੋਟਬੈਂਕ ਮਜ਼ਬੂਤ ਰਹੇ ਅਤੇ ਅਕਾਲੀ ਦਲ ਨੂੰ ਵੋਟਾਂ ਵੇਲੇ ਕੋਈ ਪ੍ਰੇਸ਼ਾਨੀ ਨਾ ਆਵੇ। ਪਰ ਵੇਖਿਆ ਜਾਵੇ ਤਾਂ ਪੰਜਾਬ 'ਤੇ ਕਈ ਸਾਲ ਰਾਜ ਕਰਨ ਵਾਲੀ ਅਕਾਲੀ ਦਲ ਨੂੰ ਕਦੇ ਵੀ ਆਪ੍ਰੇਸ਼ਨ ਬਲੂ ਸਟਾਰ ਦਾ ਚੇਤਾ ਨਹੀਂ ਆਇਆ। 

ਸਮੇਂ-ਸਮੇਂ 'ਤੇ ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ ਅਕਾਲੀ ਦਲ ਦੇ ਪ੍ਰਮੁੱਖ ਹੀ ਹੁਣ ਲੱਗਦੈ 35 ਸਾਲ ਬਾਅਦ ਆਪ੍ਰੇਸ਼ਨ ਬਲੂ ਸਟਾਰ ਵਿੱਚ ਖੋਹੇ ਗਏ ਖ਼ਜ਼ਾਨੇ ਨੂੰ ਵਾਪਸ ਸਿੱਖਾਂ ਹਵਾਲੇ ਕਰਨਗੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਨਗੇ। ਵੇਖਿਆ ਜਾਵੇ ਤਾਂ ਕਿੰਨੀ ਹਾਸੋਹੀਣੀ ਗੱਲ ਹੈ ਕਿ ਅਕਾਲੀ ਦਲ ਦੇ ਵੱਲੋਂ ਆਪਣੀਆਂ ਵੋਟਾਂ ਦੇ ਖ਼ਾਤਰ "ਚੌਧਰ" ਬਰਕਰਾਰ ਰੱਖਣ ਦੇ ਲਈ ਆਪ੍ਰੇਸ਼ਨ ਬਲੂ ਸਟਾਰ ਦਾ ਨਾਮ ਲੈ ਕੇ ਸਿੱਖਾਂ ਨਾਲ ਝੂਠੀ ਹਮਦਰਦੀ ਪ੍ਰਗਟਾਈ ਜਾ ਰਹੀ ਹੈ। ਕਰੀਬ 4 ਸਾਲ ਪਹਿਲੋਂ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤਾਂ ਹਾਲੇ ਦੋਸ਼ੀ ਫੜੇ ਨਹੀਂ ਗਏ ਅਤੇ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਅਸੀਂ 84 ਦੇ ਸਿੱਖਾਂ ਨੂੰ ਇਨਸਾਫ਼ ਦੁਆਵਾਂਗੇ। 

ਦੋਸਤੋਂ, ਅੱਜ ਵੇਲਾ ਭਾਵੇਂ ਹੀ 84 ਨੂੰ ਯਾਦ ਕਰਨ ਦਾ ਹੈ, ਪਰ ਸਮੇਂ ਦੇ ਲੀਡਰਾਂ ਵੱਲੋਂ ਜੋ ਸ਼ਹੀਦਾਂ 'ਤੇ ਸਿਆਸਤ ਕੀਤੀ ਜਾ ਰਹੀ ਹੈ, ਉਸ ਤੋਂ ਪੰਜਾਬੀਆਂ ਨੂੰ ਬਚਣ ਦੀ ਲੋੜ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਵਾਸੀਆਂ ਤੋਂ ਵੱਧ ਵੋਟਾਂ ਬਟੋਰਨ ਦੇ ਮਕਸਦ ਤਹਿਤ ਹੁਣੇ ਤੋਂ ਹੀ ਅਕਾਲੀ ਦਲ ਦੇ ਵੱਲੋਂ ਕਾਂਗਰਸ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ 1984 ਦੇ ਦੰਗਿਆਂ ਦਾ ਸਿਰਫ਼ ਤੇ ਸਿਰਫ਼ ਕਾਂਗਰਸ ਹੀ ਦੋਸ਼ੀ ਹੈ, ਜਦੋਂਕਿ ਸਚਾਈ ਤਾਂ ਇਹ ਹੈ ਕਿ ਉਕਤ ਹਮਲੇ ਦੇ ਵਿੱਚ ਕਈ ਅਕਾਲੀ ਦਲ ਦੇ ਉੱਚ ਲੀਡਰ ਵੀ ਕਥਿਤ ਤੌਰ 'ਤੇ ਸ਼ਾਮਲ ਸਨ। 

ਜਿਨ੍ਹਾਂ ਨੇ ਖ਼ੁਦ ਉਸ ਵੇਲੇ ਦੀ ਕਾਂਗਰਸ ਨਾਲ ਹੱਥ ਮਿਲਾ ਕੇ ਸਿੱਖਾਂ ਨੂੰ ਖ਼ਤਮ ਕਰਨ ਦਾ "ਬੀੜਾ" ਚੁੱਕਿਆ ਸੀ। ਬੁੱਧੀਜੀਵੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ 35 ਸਾਲ ਹੋ ਗਏ ਹਨ ਆਪ੍ਰੇਸ਼ਨ ਬਲੂ ਸਟਾਰ ਹੋਇਆ ਨੂੰ, ਪਰ ਹੁਣ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀਆਂ ਸਮੇਂ ਦੀਆਂ ਸਰਕਾਰਾਂ। ਲੀਡਰ ਸਿਰਫ਼ ਤੇ ਸਿਰਫ਼ ਵੋਟਾਂ ਖ਼ਾਤਰ ਹੀ ਸਿੱਖਾਂ ਤੱਕ ਜਾਂਦੇ ਰਹੇ ਅਤੇ ਉਸ ਤੋਂ ਬਾਅਦ ਕਦੇ ਵੀ ਜਾ ਕੇ ਹਾਲ ਨਹੀਂ ਪੁੱਛਿਆ। ਜਿੰਨਾ ਨੁਕਸਾਨ 1947 ਅਤੇ 1984 ਵੇਲੇ ਪੰਜਾਬ ਦਾ ਹੋਇਆ ਹੈ, ਸ਼ਾਇਦ ਹੀ ਇੰਨਾ ਨੁਕਸਾਨ ਭਾਰਤ ਦੇ ਕਿਸੇ ਹੋਰ ਰਾਜ ਦਾ ਹੋਇਆ ਹੋਵੇ।

ਲੀਡਰਾਂ ਦੇ ਵੱਲੋਂ ਦੁਸ਼ਮਣਾਂ ਨਾਲ ਮਿਲ ਕੇ ਕੀਤੇ ਪੰਜਾਬੀਆਂ 'ਤੇ ਹਮਲੇ ਹੀ ਪੰਜਾਬ 'ਤੇ ਹਾਵੀ ਹੋਏ ਹਨ। ਦੋਸਤੋਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਕਾਲੀ ਦਲ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤਾਂ ਕਰਕੇ ਆਪ੍ਰੇਸ਼ਨ ਬਲੂ ਸਟਾਰ ਸਮੇਂ ਭਾਰਤੀ ਫ਼ੌਜ ਵੱਲੋਂ ਗਾਇਬ ਕੀਤੇ ਲਾਇਬ੍ਰੇਰੀ ਦੇ ਸਿੱਖ ਇਤਿਹਾਸਿਕ ਖ਼ਜ਼ਾਨੇ ਨੂੰ ਵਾਪਸ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਵੇਖਿਆ ਜਾਵੇ ਤਾਂ 2014 ਤੋਂ ਲੈ ਕੇ 2019 ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਰਹੀ, ਪਰ ਅਕਾਲੀ ਦਲ ਦੇ ਵੱਲੋਂ ਕਦੇ ਵੀ ਆਪ੍ਰੇਸ਼ਨ ਬਲੂ ਸਟਾਰ ਦਾ ਮੁੱਦਾ ਨਹੀਂ ਚੁੱਕਿਆ ਗਿਆ। 

ਹੁਣ ਆਖ਼ਿਰ ਕੀ ਬਿਪਤਾ ਪੈ ਗਈ ਅਕਾਲੀ ਦਲ 'ਤੇ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਬਲੂ ਸਟਾਰ ਦਾ ਚੇਤਾ ਆ ਗਿਆ ਹੈ। ਇਸ ਵੇਲੇ ਸਿੱਖ ਜੱਥੇਬੰਦੀਆਂ ਦੇ ਵੱਲੋਂ ਅਕਾਲੀ ਦਲ ਦਾ ਹਰ ਥਾਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਿੱਖ ਕਦੇ ਵੀ ਅਕਾਲੀ ਦਲ ਨੂੰ ਸੱਤਾ ਵਿੱਚ ਨਹੀਂ ਵੇਖਣਾ ਚਾਹੁੰਦੇ, ਪਰ ਅਕਾਲੀ ਦਲ ਦੇ ਵੱਲੋਂ ਬੜੀ ਹੀ ਸਕੀਮ ਦੇ ਤਹਿਤ ਆਪ੍ਰੇਸ਼ਨ ਬਲੂ ਸਟਾਰ ਦਾ ਨਾਮ ਲੈ ਕੇ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਦਾ "ਕਰੈਡਿਟ" ਜ਼ਰੂਰ ਲਵੇਗਾ। ਬਾਕੀ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦਾ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।